ਪਤਾ ਨਹੀਂ ਕਿਉਂ, ਅਸੀਂ ਮਨੁੱਖ ਜੀਵਨ ਵਿਚਲੀਆਂ ਨਿਹਮਤਾਂ ‘ਤੇ ਹਮੇਸ਼ਾ ਸ਼ੱਕ ਕਿਉਂ ਕਰਦੇ ਰਹਿੰਦੇ ਹਾਂ! ਅਸੀਂ ਸ਼ਾਇਦ ਜ਼ਿੰਦਗੀ ਵਿੱਚ ਵੀ ਦਵਾਈਆਂ ਦੇ ਸੰਸਾਰ ਦਾ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਜੇਕਰ ਕੋਈ ਸ਼ੈਅ ਸੰਘ ਤੋਂ ਹੇਠਾਂ ਕਰਨੀ ਔਖੀ ਹੈ ਤਾਂ ਉਹ ਜ਼ਰੂਰ, ਅਸੀਂ ਇਹ ਮੰਨ ਲੈਂਦੇ ਹਾਂ, ਸਾਡੇ ਲਈ ਚੰਗੀ ਹੋਵੇਗੀ। ਜੇਕਰ ਉਹ ਮੁਕਾਬਲਤਨ ਮਿੱਠੀ ਅਤੇ ਸਵਾਦ ਹੋਵੇ ਤਾਂ ਸਾਨੂੰ ਲਗਦੈ ਕਿ ਅਸੀਂ ਉਸ ਨਾਲ ਐਂਵੇਂ ਆਪਣਾ ਵਕਤ ਜ਼ਾਇਆ ਕਰ ਰਹੇ ਹਾਂ। ਕਈ ਅਜਿਹੇ ਵੇਲੇ ਹੋ ਸਕਦੇ ਹਨ ਜਦੋਂ ਇਸ ਸਿਧਾਂਤ ਦੀ ਪਾਲਣਾ ਇੱਕ ਸਿਆਣੀ ਸੋਚ ਸਾਬਿਤ ਹੋ ਸਕਦੀ ਹੋਵੇ। ਪਰ ਕਈ ਵਾਰ, ਤੁਸੀਂ ਬੜੇ ਆਰਾਮ ਨਾਲ ਇਸ ਨੂੰ ਨਜ਼ਰਅੰਦਾਜ਼ ਵੀ ਕਰ ਸਕਦੇ ਹੋ। ਉਸ ਵੱਲ ਬੇਖ਼ੌਫ਼ ਹੋ ਕੇ ਵਧੋ ਜੋ ਤੁਹਾਨੂੰ ਦਿਲੋਂ ਆਕਰਸ਼ਿਤ ਕਰਦੈ। ਜਿੰਨੀ ਤੁਸੀਂ ਸੋਚਦੇ ਹੋ, ਉਸ ਵਿੱਚ ਉਸ ਤੋਂ ਕਿਤੇ ਵੱਧ ਖ਼ੂਬੀ ਅਤੇ ਦਰੁੱਸਤਗੀ ਹੈ।

ਤੁਹਾਡੀਆਂ ਵਫ਼ਾਦਾਰੀਆਂ ਕਿੱਥੇ ਖਲੋਤੀਆਂ ਹਨ? ਤੁਹਾਨੂੰ ਕਿਸ ਵਿਅਕਤੀ ਜਾਂ ਸ਼ੈਅ ਦੀ ਹਮਾਇਤ ਕਰਨੀ ਚਾਹੀਦੀ ਹੈ? ਤੁਹਾਨੂੰ ਇੰਝ ਕਿਉਂ ਮਹਿਸੂਸ ਹੁੰਦੈ ਕਿ ਕੁਝ ਵਿਅਕਤੀਆਂ ਨੂੰ ਤੁਹਾਡੀ ਵੱਧ ਹਮਾਇਤ ਕਰਨੀ ਚਾਹੀਦੀ ਹੈ – ਅਤੇ ਜੇ ਤੁਹਾਡੀਆਂ ਉਮੀਦਾਂ ਸੱਚਮੁੱਚ ਇੰਨੀਆਂ ਹੀ ਜਾਇਜ਼ ਸਨ ਤਾਂ ਫ਼ਿਰ ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਰਿਹਾ ਹੈ? ਕੁਦਰਤ ਤੁਹਾਨੂੰ ਆਪਣੀ ਉਸ ਧਾਰਣਾ ‘ਤੇ ਮੁੜ ਗ਼ੌਰ ਕਰਨ ਦੀ ਬੇਨਤੀ ਕਰ ਰਹੀ ਹੈ ਜਿਹੜੀ ਕਿਸੇ ਦੋਸਤੀ ਦੀ ਜੜ੍ਹ ਵਿੱਚ ਜਾ ਕੇ ਬੈਠ ਗਈ ਹੈ। ਜਾਂ ਇਹ, ਜਾਂ ਫ਼ਿਰ ਉਹ ਤੁਹਾਨੂੰ ਉਨ੍ਹਾਂ ਲੋਕਾਂ ਜਾਂ ਗੁੱਟਾਂ ਬਾਰੇ ਮੁੜ ਵਿਚਾਰ ਕਰਨ ਨੂੰ ਕਹਿ ਰਹੀ ਹੈ ਜਿਨ੍ਹਾਂ ਦਾ ਤੁਸੀਂ ਆਪਣੇ ਆਪ ਨੂੰ ਹਿੱਸਾ ਸਮਝਦੇ ਸੋ। ਤੁਸੀਂ ਆਪਣੀ ਕੀਮਤੀ ਸ਼ਕਤੀ ਕਿਸੇ ਭੁੱਖੇ ਕਾਲੇ ਮਘੋਰੇ ਵਿੱਚ ਖਪਾ ਕੇ ਜ਼ਾਇਆ ਨਹੀਂ ਕਰ ਸਕਦੇ। ਕਿਸੇ ਵੀ ਚੀਜ਼ ਨੂੰ ਖ਼ਤਮ ਕਰਨ ਦੀ ਕੋਈ ਲੋੜ ਨਹੀਂ … ਪਰ ਕੁਝ ਸ਼ੁਰੂ ਜ਼ਰੂਰ ਹੋਣਾ ਚਾਹੀਦੈ।

ਚੀਜ਼ਾਂ ਆਪਸ ਵਿੱਚ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਇੰਝ ਜਿਵੇਂ ਕਿਸੇ ਬੁਝਾਰਤ ਦੇ ਗੁਆਚੇ ਹੋਏ ਟੁਕੜੇ ਅਚਾਨਕ ਪ੍ਰਗਟ ਹੋਣੇ ਸ਼ੁਰੂ ਹੋ ਜਾਣ ਅਤੇ ਉਹ ਪਹੇਲੀ ਸਾਨੂੰ ਸਮਝ ਆਉਣ ਲੱਗ ਪਵੇ। ਕੀ ਕਿਹਾ, ਤੁਸੀਂ ਮੇਰੇ ਨਾਲ ਸਹਿਮਤ ਨਹੀਂ? ਕੀ ਤੁਸੀਂ ਹਾਲੇ ਵੀ ਭੰਬਲਭੂਸੇ ਵਿੱਚ ਉਲਝੇ ਹੋਏ, ਹੈਰਾਨ, ਪਰੇਸ਼ਾਨ, ਅਸੰਤੁਸ਼ਟ, ਬੌਂਦਲੇ ਤੇ ਬੌਖ਼ਲਾਏ, ਉਤੇਜਿਤ, ਨਿਰਾਸ਼ ਜਾਂ ਹਤਾਸ਼ ਹੋ? ਉਸ ਸੂਰਤ ਵਿੱਚ, ਇਹ ਪੱਕਾ ਕਰ ਲਓ ਕਿ ਤੁਸੀਂ ਉਹ ਦੇਖ ਰਹੇ ਹੋਵੋ ਜੋ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ। ਕਹਿੰਦੇ ਨੇ ਜ਼ਿੰਦਗੀ ਦੇ ਤੋਹਫ਼ੇ ਸਾਡੇ ਸਾਹਮਣੇ ਓਦੋਂ ਪ੍ਰਗਟ ਹੁੰਦੇ ਹਨ ਜਦੋਂ ਇੱਕ ਵਾਰ ਅਸੀਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੰਦੇ ਹਾਂ। ਜੋ ਕੁਝ ਵੀ ਅੱਗੇ ਮਿਲਣ ਵਾਲਾ ਹੈ ਉਸ ਨੂੰ ਹਰ ਨਜ਼ਰੀਏ ਤੋਂ ਪਰਖ ਲੈਣਾ ਸਿਆਣਪ ਹੈ, ਅਤੇ ਤੁਹਾਨੂੰ ਜੋ ਚਾਹੀਦਾ ਹੈ ਉਸ ਨੂੰ ਲੱਭਣ ਲਈ ਸ਼ਾਇਦ ਤੁਹਾਨੂੰ ਬਹੁਤੀ ਦੂਰ ਨਹੀਂ ਜਾਣਾ ਪੈਣਾ।

ਇੰਝ ਲਗਦੈ ਕੁਝ ਲੋਕ ਜ਼ਿੰਦਗੀ ਭਰ ਚੱਕਰਾਂ ਵਿੱਚ ਘੁੰਮਦੇ ਰਹਿਣ ਦਾ ਮਜ਼ਬੂਤ ਇਰਾਦਾ ਲੈ ਕੇ ਪੈਦਾ ਹੁੰਦੇ ਨੇ। ਖ਼ੈਰ ਇਹ ਉਨ੍ਹਾਂ ਦਾ ਵਿਸ਼ੇਸ਼ ਅਧਿਕਾਰ ਸਹੀ। ਜੇ ਉਨ੍ਹਾਂ ਨੂੰ ਇਹ ਸੂਟ ਕਰਦੈ ਤਾਂ ਫ਼ਿਰ ਠੀਕ ਹੈ। ਪਰ ਇਹ ਠੀਕ ਨਹੀਂ, ਜੇਕਰ ਤੁਸੀਂ ਅਜਿਹੇ ਲੋਕਾਂ ਦਾ ਸਾਥ ਵੀ ਦੇਣਾ ਚਾਹੋ ਅਤੇ ਫ਼ਿਰ ਵੀ ਉਸ ਰਸਤੇ ‘ਤੇ ਚੱਲਣ ਦੀ ਇੱਛਾ ਰੱਖੋ ਜਿਹੜਾ ਤੁਹਾਨੂੰ ਸੱਚਮੁੱਚ ਕਿਤੇ ਪਹੁੰਚਾਉਣ ਵਾਲਾ ਹੋਵੇ। ਇਸ ਤੋਂ ਵੀ ਵੱਧ ਮੁਸੀਬਤ ਵਾਲੀ ਸਥਿਤੀ ਓਦੋਂ ਬਣ ਜਾਂਦੀ ਹੈ ਜਦੋਂ ਅਜਿਹੇ ਵਿਅਕਤੀ ਇਹ ਦੇਖ ਨਾ ਸਕਣ ਜਾਂ ਦੇਖਣਾ ਨਾ ਚਾਹੁਣ ਕਿ ਉਨ੍ਹਾਂ ਦਾ ਰਸਤਾ ਚੱਕਰਦਾਰ ਹੈ। ਜਦੋਂ ਚੇਤੰਨ ਲੋਕ ਸਪੱਸ਼ਟ ਗੱਲਬਾਤ ਕਰਨ, ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਜਿੱਥੇ ਅਜਿਹਾ ਨਾ ਹੋ ਸਕੇ, ਵਖਰੇਵੇਂ ਦੂਰੀਆਂ ਬਣ ਜਾਂਦੇ ਨੇ। ਤੁਹਾਡੇ ਪਾਸ ਕੇਵਲ ਇੱਕੋ ਜੀਵਨ ਹੈ। ਉਸ ਨੂੰ ਮੁਕੰਮਲ ਰੂਪ ਵਿੱਚ ਜੀਣਾ ਤੁਹਾਡਾ ਫ਼ਰਜ਼ ਬਣਦੈ!

ਖ਼ੁਸ਼ਕਿਸਮਤੀ ਨਾਲ ਸਾਡੇ ਕੋਲ ਸ਼ਬਦਾਂ ਤੋਂ ਇਲਾਵਾ ਵੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਦੇ ਕਈ ਹੋਰ ਢੰਗ ਮੌਜੂਦ ਹਨ। ਇਸ ਲਈ ਅਸੀਂ ਆਪਣੇ ਆਲੇ ਦੁਆਲੇ ਦੀਆਂ ਦੁਨਿਆਵੀ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਾਂ। ਜਦੋਂ ਅਸੀਂ ਉਨ੍ਹਾਂ ਦਾ ਇਸਤੇਮਾਲ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਅ ਕਰਨ ਲਈ ਕਰਦੇ ਹਾਂ ਜਿਨ੍ਹਾਂ ਦਾ ਇਜ਼ਹਾਰ ਉਂਝ ਕਰਨਾ ਸਾਡੇ ਲਈ ਔਖਾ ਹੋਵੇ ਤਾਂ ਤੋਹਫ਼ੇ ਇੱਕ ਮਹੱਤਵਪੂਰਨ ਗੁਣ ਬਣ ਜਾਂਦੇ ਹਨ। ਕਈ ਵਾਰ ਤਾਂ ਇਹ ਕਿਸੇ ਰਿਸ਼ਤੇ ਵਿੱਚ ਮੁਕੰਮਲ ਪਰਿਵਰਤਨ ਲਿਆਉਣ ਦੀ ਤਾਕਤ ਵੀ ਰੱਖਦੇ ਹਨ। ਆਪਣੇ ਜੀਵਨ ਵਿਚਲੇ ਕਿਸੇ ਅਜਿਹੇ ਇਨਸਾਨ, ਜੋ ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੋਵੇ, ਲਈ ਹਮਦਰਦੀ ਭਰਿਆ ਕੋਈ ਵੀ ਕਾਰਜ ਲਫ਼ਜ਼ਾਂ ਤੋਂ ਕਿਤੇ ਵੱਧ ਤੁਹਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕਦੈ। ਜ਼ਰੂਰ ਨਹੀਂ ਕਿ ਇਹ ਕੋਈ ਬਹੁਤ ਵੱਡਾ ਕੰਮ ਹੀ ਹੋਵੇ। ਜੇਕਰ ਤੁਸੀਂ ਖੁੱਲ੍ਹ-ਦਿਲੀ ਰਾਹੀਂ ਆਪਣੀ ਸੁਹਿਰਦਤਾ ਦਾ ਮੁਜ਼ਾਹਰਾ ਕਰ ਸਕੋ ਤਾਂ ਇਹ ਤੁਹਾਡੇ ਲਈ ਵੀ ਓਨਾ ਵੱਡਾ ਤੋਹਫ਼ਾ ਹੀ ਹੋਵੇਗਾ।