ਮਾਰਚ 2019 ਤੋਂ ਦੀਪਿਕਾ ਐਸਿਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਬਾਰੇ ਬਣ ਰਹੀ ਬਾਇਓਪਿਕ ਛਪਾਕ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ। ਦੀਪਿਕਾ ਇੱਕ ਸਾਲ ਬਾਅਦ ਦੁਬਾਰਾ ਕੋਈ ਫ਼ਿਲਮ ਕਰ ਰਹੀ ਹੈ …
ਬੌਲੀਵੁਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ ਵਿਆਹ ਤੋਂ ਬਾਅਦ ਫ਼ਿਲਮ ਛਪਾਕ ਨਾਲ ਪਰਦੇ ‘ਤੇ ਵਾਪਸੀ ਕਰੇਗੀ। ਦੀਪਿਕਾ ਦੀ ਆਖ਼ਰੀ ਰਿਲੀਜ਼ ਹੋਣ ਵਾਲੀ ਫ਼ਿਲਮ ਪਦਮਾਵਤ ਸੀ ਜੋ ਪਿੱਛਲੇ ਸਾਲ ਦੇ ਸ਼ੁਰੂ ‘ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਪਰਦੇ ‘ਤੇ ਕਈ ਰਿਕਾਰਡ ਬਣਾਏ। ਇਸ ‘ਚ ਚੰਗੀ ਅਦਾਕਾਰੀ ਦਿਖਾਉਣ ਲਈ ਦੀਪਿਕਾ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਉਸ ਤੋਂ ਬਾਅਦ ਦੀਪਿਕਾ ਨੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ। ਇੱਕ ਫ਼ਿਲਮ ‘ਚ ਉਹ ਇਰਫ਼ਾਨ ਖ਼ਾਨ ਨਾਲ ਕੰਮ ਕਰਨ ਵਾਲੀ ਸੀ, ਪਰ ਇਰਫ਼ਾਨ ਦੇ ਬਿਮਾਰ ਹੋ ਜਾਣ ਕਾਰਨ ਇਹ ਫ਼ਿਲਮ ਵਿਚਲੇ ਹੀ ਰਹਿ ਗਈ।
ਹੁਣ ਦੀਪਿਕਾ ਡਾਇਰੈਕਟਰ ਮੇਘਨਾ ਗ਼ੁਲਜ਼ਾਰ ਦੀ ਅਗਲੀ ਫ਼ਿਲਮ ‘ਚ ਕੰਮ ਕਰਨ ਜਾ ਰਹੀ ਹੈ। ਫ਼ਿਲਮ ਦਾ ਨਾਂ ਛਪਾਕ ਰੱਖਿਆ ਗਿਆ ਹੈ। ਇਹ ਫ਼ਿਲਮ ਐਸਿਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ‘ਤੇ ਆਧਾਰਿਤ ਹੋਵੇਗੀ। ਜ਼ਿਕਰਯੋਗ ਹੈ ਕਿ ਦੀਪਿਕਾ ਪਹਿਲੀ ਵਾਰ ਮੇਘਨਾ ਗ਼ੁਲਜ਼ਾਰ ਨਾਲ ਕਿਸੇ ਫ਼ਿਲਮ ‘ਚ ਕੰਮ ਕਰੇਗੀ। ਇਸ ਫ਼ਿਲਮ ‘ਚ ਦੀਪਿਕਾ ਨਾਲ ਵਿਕ੍ਰਾਂਤ ਮੈਸੀ ਵੀ ਨਜ਼ਰ ਆਏਗਾ। ਛਪਾਕ ਨੂੰ ਦੀਪਿਕਾ ਖ਼ੁਦ ਪ੍ਰੋਡਿਊਸ ਵੀ ਕਰ ਰਹੀ ਹੈ।
ਪਿੱਛਲੇ ਸਾਲ ਹੋਈ ਇੱਕ ਇੰਟਰਵਿਊ ਦੌਰਾਨ ਮੇਘਨਾ ਗ਼ੁਲਜ਼ਾਰ ਨੇ ਕਿਹਾ ਸੀ, ”ਅਸੀਂ ਅਗਲੇ ਸਾਲ ਮਾਰਚ ਦੇ ਤੀਸਰੇ ਹਫ਼ਤੇ ਛਪਾਕ ਦੀ ਸ਼ੂਟਿੰਗ ਸ਼ੁਰੂ ਕਰਾਂਗੇ।” ਵਿਕ੍ਰਾਂਤ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਹ ਇੱਕ ਅਜਿਹਾ ਸ਼ਖ਼ਸ ਹੈ ਜਿਸ ਨਾਲ ਰਾਜ਼ੀ ਤੋਂ ਬਾਅਦ ਉਹ ਕਿਸੇ ਹੋਰ ਫ਼ਿਲਮ ‘ਤੇ ਵੀ ਕੰਮ ਕਰਨਾ ਚਾਹੁੰਦੀ ਸੀ। ਮੇਘਨਾ ਨੇ ਕਿਹਾ, ”ਕੁਝ ਅਦਾਕਾਰ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਵਿਕ੍ਰਾਂਤ ਲਈ ਇੱਕ ਚੰਗਾ ਕਿਰਦਾਰ ਬਣਾਉਣ ਦਾ ਮੌਕਾ ਮਿਲਿਆ ਜਿਸ ‘ਚ ਉਹ ਦੀਪਿਕਾ ਨਾਲ ਨਜ਼ਰ ਆਏਗਾ।”
ਦੱਸਣਯੋਗ ਹੈ ਕਿ ਪਿੱਛਲੇ ਸਾਲ 2018 ਵਿੱਚ ਰਿਲੀਜ਼ ਹੋਈ ਆਲੀਆ ਭੱਟ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਰਾਜ਼ੀ ਨੂੰ ਵੀ ਮੇਘਨਾ ਗੁਲਜ਼ਾਰ ਨੇ ਹੀ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਨੇ ਪਰਦੇ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ।