ਜਿੱਥੋਂ ਖੜ੍ਹੇ ਹੋ ਕੇ ਤੁਸੀਂ ਦੇਖ ਰਹੇ ਹੋ ਉੱਥੋਂ ਸਥਿਤੀ ਕਾਫ਼ੀ ਜ਼ਿਆਦਾ ਨਿਰਾਸ਼ਾਜਨਕ ਦਿਖਾਈ ਦੇ ਰਹੀ ਹੈ। ਸੋ … ਜਾਓ ਅਤੇ ਕਿਸੇ ਹੋਰ ਜਗ੍ਹਾ ਜਾ ਕੇ ਖੜ੍ਹੇ ਹੋ ਜਾਓ! ਆਪਣੀ ਥਾਂ ਉਸ ਵੇਲੇ ਤਕ ਬਦਲਦੇ ਰਹੋ ਜਦੋਂ ਤਕ ਤੁਹਾਨੂੰ ਪ੍ਰਗਤੀ ਦਾ ਰਾਹ ਸਾਫ਼ ਦਿਖਾਈ ਨਾ ਦੇਣ ਲੱਗ ਪਵੇ। ਕੋਈ ਸ਼ੈਅ ਤੁਹਾਡੇ ਮਨ ਅੰਦਰ ਸ਼ੰਕਾ ਅਤੇ ਨਿਰਾਸ਼ਾ ਭੜਕਾ ਰਹੀ ਹੈ, ਪਰ ਇਸ ਦੇ ਨਾਲ ਹੀ ਉਸੇ ਸਥਿਤੀ ਦੇ ਵੱਖਰੇ ਪਹਿਲੂਆਂ ਨੂੰ ਵੀ ਉਜਾਗਰ ਕਰ ਰਹੀ ਹੈ। ਮੌਜੂਦਾ ਵਿਵਾਦ ਨੂੰ ਹੱਲ ਕਰਨ ਦਾ ਕੋਈ ਨਾ ਕੋਈ ਰਾਹ ਤਾਂ ਜ਼ਰੂਰ ਹੋਣਾ ਚਾਹੀਦੈ। ਨਾਮੁਮਕਿਨ ਨਾਲ ਮੱਥਾ ਮਾਰਨ ‘ਚ ਵਕਤ ਜ਼ਾਇਆ ਕਰਨ ਦੀ ਬਜਾਏ ਥੋੜ੍ਹਾ ਸਾਹ ਲਵੋ, ਅੱਗੇ ਵਧੋ ਅਤੇ ਵਿਸ਼ਵਾਸ ਰੱਖੋ ਕਿ ਕਿਸੇ ਨਾ ਕਿਸੇ ਤਰ੍ਹਾਂ, ਬਹੁਤ ਛੇਤੀ, ਬਿਹਤਰੀ ਲਈ ਤਬਦੀਲੀ ਆਵੇਗੀ।
ਜਦੋਂ ਤੁਹਾਡੇ ਨਜਿੱਠਣ ਲਈ ਇੰਨਾ ਵੱਡਾ ਮਾਮਲਾ ਪਿਐ ਤਾਂ ਤੁਸੀਂ ਅਵੇਸਲੇ ਕਿਵੇਂ ਹੋ ਸਕਦੇ ਹੋ? ਕਿਉਂਕਿ, ਜੇਕਰ ਤੁਸੀਂ ਆਪਣੇ ਅੰਦਰ ਦੀ ਭਾਫ਼ ਕੱਢਣ ਦਾ ਕੋਈ ਉਪਰਾਲਾ ਨਾ ਕੀਤਾ ਤਾਂ ਤੁਸੀਂ ਭਾਰੀ ਦਬਾਅ ਹੇਠ ਫ਼ਟ ਜਾਓਗੇ ਜਾਂ ਫ਼ੁਟ ਪਵੋਗੇ। ਤੁਸੀਂ ਆਪਣਾ ਫ਼ਿਊਜ਼ ਉਡਣ ਨਹੀਂ ਦੇ ਸਕਦੇ। ਤੁਹਾਨੂੰ ਆਪਣਾ ਮਾਨਸਿਕ ਸੰਤੁਲਨ ਕਾਇਮ ਰੱਖਣ ਲਈ ਹਸਮੁੱਖ ਅਤੇ, ਕਿਸੇ ਵੀ ਤਰ੍ਹਾਂ, ਆਪਣੀ ਸਥਿਤੀ ਵਿਚਲਾ ਤਨਾਅ ਬਰਦਾਸ਼ਤ ਕਰਨ ਦੇ ਯੋਗ ਬਣਨਾ ਪਵੇਗਾ। ਤਨਾਅ ਭਰਪੂਰ ਸਥਿਤੀਆਂ ਤੁਹਾਨੂੰ ਉਹ ਦੇਖਣ ਲਈ ਮਜਬੂਰ ਕਰ ਰਹੀਆਂ ਹਨ ਜੋ ਤੁਸੀਂ ਹਰਗਿਜ਼ ਦੇਖਣਾ ਨਹੀਂ ਸੀ ਚਾਹੁੰਦੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਣੇ ਖੋਪਿਆਂ ਦੇ ਜੋੜੇ ਦੇ ਬਦਲੇ ਆਪਣੀਆਂ ਅੱਖਾਂ ‘ਤੇ ਪੱਟੀ ਬੰਨ੍ਹਾਉਣੀ ਮਨਜ਼ੂਰ ਕਰਨੀ ਪੈਣੀ ਹੈ।
ਕੀ ਪੈਸਾ ਆਜ਼ਾਦੀ ਖ਼ਰੀਦ ਸਕਦਾ ਹੈ? ਸ਼ਾਇਦ ਨਹੀਂ। ਇਹ ਇੱਕ ਸੀਮਿਤ ਤਰ੍ਹਾਂ ਦੀ ਖੁਲ੍ਹ ਤਾਂ ਖ਼ਰੀਦ ਸਕਦਾ ਹੈ ਪਰ, ਨਾਲ ਦੀ ਨਾਲ ਹੀ, ਇਹ ਸਾਡੇ ‘ਤੇ ਨਵੇਂ ਨਿਯਮਾਂ ਅਤੇ ਨਵੀਆਂ ਰੋਕਾਂ ਵੀ ਲਾਗੂ ਕਰ ਦਿੰਦਾ ਹੈ। ਕਿਸੇ ਗ਼ਰੀਬ ਬੰਦੇ ਨੂੰ ਇਹ ਗੱਲ ਸਮਝਾਣ ਦੀ ਕੋਸ਼ਿਸ਼ ਕਰਨ ਦਾ ਮਤਲਬ ਹੋਇਆ ਗਰਮ, ਸੁੱਕੇ ਰੇਗ਼ਿਸਤਾਨ ਵਿੱਚ ਭਟਕਦੇ ਕਿਸੇ ਬੰਦੇ ਨੂੰ ਇਹ ਸਮਝਾਉਣਾ ਕਿ ਪਾਣੀ ਪੀਣ ਨਾਲ ਉਸ ਦੀ ਕਿਸੇ ਕਿਸਮ ਦੀ ਕੋਈ ਤ੍ਰਿਪਤੀ ਨਹੀਂ ਹੋਣ ਵਾਲੀ। ਬਿਲਕੁਲ ਹੋਵੇਗੀ। ਕੁਝ ਚਿਰ ਲਈ। ਪਰ ਜਿਸ ਸ਼ੈਅ ਦੀ ਲੋੜ ਹੈ ਉਹ ਹੈ ਨਾ ਤਾਂ ਕੋਈ ਸ਼ਕਤੀਸ਼ਾਲੀ ਬੰਬ ਅਤੇ ਨਾ ਹੀ ਕੋਈ ਗਿੱਲਾ ਪਟਾਕਾ। ਨਾ ਹੜ੍ਹ ਅਤੇ ਨਾ ਹੀ ਅਕਾਲ। ਤੁਹਾਨੂੰ ਲੋੜ ਹੈ ਸੁਚਾਰੂ, ਸਥਿਰ ਵਹਾ ਹਾਸਿਲ ਕਰਨ ਦੀ। ਤੁਹਾਨੂੰ ਇੱਕ ਛੋਟੀ ਜਿਹੀ ਵੇਈਂ ਦਰਕਾਰ ਹੈ ਨਾ ਕਿ ਕੋਈ ਮਹਾਂਸਾਗਰ। ਚੰਗੀ ਖ਼ਬਰ ਇਹ ਹੈ ਕਿ ਤੁਹਾਨੂੰ ਉਹ ਮਿਲਣ ਵਾਲਾ ਹੈ। ਆਪਣੇ ਕੁਝ ਖ਼ਰਚਿਆਂ ਦੇ ਨਾਲ।
ਉਹ ਲੋਕ ਬੜੇ ਖ਼ੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਦੀਆਂ ਕੋਈ ਉਮੀਦਾਂ ਨਹੀਂ ਹੁੰਦੀਆਂ ਕਿਉਂਕਿ ਉਹ ਕਦੇ ਵੀ ਨਿਰਾਸ਼ ਨਹੀਂ ਹੁੰਦੇ। ਬਹੁਤੇ ਲੋਕਾਂ ਦੀ ਖੇਡ ਸੁਧਾਰਣ ਲਈ ਉਨ੍ਹਾਂ ਨੂੰ ਲਗਾਤਾਰ ਹੱਲਾਸ਼ੇਰੀ ਦਿੰਦੇ ਰਹਿਣਾ ਪੈਂਦੈ। ਉਹ ਆਪਣਾ ਟੀਚਾ ਬਹੁਤ ਨੀਵਾਂ ਮਿੱਥ ਕੇ ਚਲਦੇ ਹਨ। ਉਨ੍ਹਾਂ ਨੂੰ ਆਪਣੀਆਂ ਆਸ਼ਾਂਵਾਂ ਉੱਚੀਆਂ ਕਰਨ ਦੀ ਸਖ਼ਤ ਲੋੜ ਹੁੰਦੀ ਹੈ। ਪਰ ਤੁਹਾਡੇ ‘ਤੇ ਅਜਿਹੀ ਤੋਹਮਤ ਹਰਗਿਜ਼ ਨਹੀਂ ਲਗਾਈ ਜਾ ਸਕਦੀ। ਚੰਨ੍ਹ ਹਾਸਿਲ ਕਰਨ ਲਈ ਚਾਹੇ ਤੁਹਾਨੂੰ ਜਿੰਨੀ ਵਾਰ ਮਰਜ਼ੀ ਕੋਸ਼ਿਸ਼ ਕਰਨੀ ਪਵੇ ਅਤੇ ਉਸ ਵਿੱਚ ਤੁਸੀਂ ਚਾਹੇ ਜਿੰਨੀ ਵਾਰ ਮਰਜ਼ੀ ਨਾਕਾਮ ਰਹੋ, ਆਪਣੀ ਮਰਜ਼ੀ ਨਾਲ ਇੱਕ ਵਾਰ ਹੋਰ ਕੋਸ਼ਿਸ਼ ਲਈ ਤੁਸੀਂ ਹਮੇਸ਼ਾ ਤਿਆਰ ਹੁੰਦੇ ਹੋ। ਪਰ ਚੇਤੇ ਰੱਖੋ, ਜਿੰਨਾ ਲੁਤਫ਼ ਕੋਸ਼ਿਸ਼ ਕਰਨ ਦਾ ਆਉਂਦੈ, ਓਨਾ ਨਤੀਜਾ ਹਾਸਿਲ ਕਰਨ ਦਾ ਨਹੀਂ ਆਉਂਦਾ! ਜੋ ਤੁਸੀਂ ਚਾਹੁੰਦੇ ਹੋ ਉਸ ਨੂੰ ਹਾਸਿਲ ਕਰ ਸਕਦੇ ਹੋ। ਇਸੇ ਲਈ ਤਾਂ ਇਹ ਗੱਲ ਸੁਨਿਸ਼ਚਿਤ ਕਰਨਾ ਹੋਰ ਵੀ ਜ਼ਰੂਰੀ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਹੋਵੇ ਕੇਵਲ ਖ਼ੁਸ਼ੀ।
ਤੁਸੀਂ ਕੀ ਕਰ ਰਹੇ ਹੋ? ਕੀ ਤੁਹਾਨੂੰ ਖੇਡ ਦੇ ਨਿਯਮ ਸਪੱਸ਼ਟ ਹਨ ਜਾਂ ਫ਼ਿਰ ਉਨ੍ਹਾਂ ਬਾਰੇ ਕਿਸੇ ਕਿਸਮ ਦਾ ਕੋਈ ਭੰਬਲਭੂਸਾ ਹੈ? ਕੀ ਇਹ ਸਮਝੇ ਬਿਨਾ ਕਿ ਜਿੱਤ ਹਾਸਿਲ ਕਰਨ ਲਈ ਕੀ ਦਰਕਾਰ ਹੈ, ਤੁਸੀਂ ਜੇਤੂ ਹੋਣ ਦੀ ਉਮੀਦ ਕਰ ਸਕਦੇ ਹੋ? ਤੁਸੀਂ ਕਿਸੇ ਹੋਰ ਨੂੰ ਕਿਸੇ ਸਥਿਤੀ ਬਾਰੇ ਉਨ੍ਹਾਂ ਦੀ ਵਿਆਖਿਆ ਪੁੱਛ ਕੇ ਉਸ ਸਥਿਤੀ ਬਾਰੇ ਪੂਰੀ ਜਾਣਕਾਰੀ ਹਾਸਿਲ ਨਹੀਂ ਕਰ ਸਕਦੇ। ਤੁਹਾਨੂੰ ਆਪਣੇ ਦਿਲ ਅੰਦਰ ਇੱਕ ਡੂੰਘੀ ਝਾਤ ਮਾਰ ਕੇ ਦੇਖਣਾ ਪਵੇਗਾ ਕਿ ਤੁਹਾਨੂੰ ਕੀ ਕਰਨਾ ਸੌਖਾ ਲਗਦਾ ਹੈ। ਆਪਣੇ ਆਪ ਨੂੰ ਸੌਖਾ ਕਰ ਕੇ ਤੁਸੀਂ ਕੋਈ ਵਾਹ ਵਾਹ ਖੱਟ ਸਕੋ ਜਾਂ ਨਾ ਪਰ ਨਿਰਸੰਦੇਹ ਹਾਰ ਨਹੀਂ ਸਕਦੇ।