ਸ਼ਾਹਰੁਖ਼ ਖ਼ਾਨ ਦੀਆਂ ਫ਼ਿਲਮਾਂ ਭਾਵੇਂ ਕੁੱਝ ਵਰ੍ਹਿਆਂ ਤੋਂ ਬੌਕਸ ਆਫ਼ਿਸ ‘ਤੇ ਕੋਈ ਖ਼ਾਸ ਕਾਮਯਾਬ ਨਹੀਂ ਰਹੀਆਂ, ਇਸ ਦੇ ਬਾਵਜੂਦ ਉਸ ਦੇ ਸਟਾਰਡੰਮ ਅਤੇ ਉਤਸਾਹ ‘ਚ ਕੋਈ ਕਮੀ ਨਹੀਂ ਆਈ। ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਜ਼ੀਰੋ ਦਾ ਪ੍ਰਦਰਸ਼ਨ ਵੀ ਉਮੀਦ ‘ਤੇ ਖਰਾ ਨਹੀਂ ਉਤਰਿਆ। ਕੁੱਝ ਲੋਕਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ ਅਤੇ ਕੁੱਝ ਇਸ ਨੂੰ ਅਸਲੋਂ ਨਕਾਰ ਰਹੇ ਹਨ। ਇਸ ਤੋਂ ਪ੍ਰਭਾਵਿਤ ਹੋਏ ਬਗ਼ੈਰ ਕਿੰਗ ਖ਼ਾਨ ਦੀਆਂ ਨਜ਼ਰਾਂ ਆਪਣੀ ਅਗਲੀ ਫ਼ਿਲਮ ‘ਤੇ ਹਨ।
ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ਼ ਖ਼ਾਨ ਜਲਦੀ ਹੀ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਦੀ ਜ਼ਿੰਦਗੀ ਬਾਰੇ ਬਣਨ ਵਾਲੀ ਫ਼ਿਲਮ ‘ਚ ਕੰਮ ਕਰਨ ਵਾਲਾ ਹੈ। ਸੰਭਵ ਹੈ ਕਿ ਇਸ ਫ਼ਿਲਮ ਦਾ ਨਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ਹੋਵੇ। ਉਸ ਤੋਂ ਬਾਅਦ ਸ਼ਾਹਰੁਖ਼ ਇੱਕ ਸੁਪਰਹਿੱਟ ਫ਼ਿਲਮ ਦਾ ਸੀਕੁਅਲ ਸ਼ੁਰੂ ਕਰੇਗਾ।
ਸੂਤਰਾਂ ਅਨੁਸਾਰ, ਡੌਨ 3 ਫ਼ਿਲਮ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਫ਼ਿਲਮ ਨਿਰਦੇਸ਼ਕ ਫ਼ਰਹਾਨ ਅਖ਼ਤਰ ਇਸ ਦੀ ਸਕ੍ਰਿਪਟ ‘ਤੇ ਕੰਮ ਕਰ ਰਿਹਾ ਹੈ। ਸ਼ਾਹਰੁਖ਼ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸਾਹਿਤ ਹੈ। ਇਸ ਦੀ ਸ਼ੂਟਿੰਗ ਇਸ ਵਰ੍ਹੇ ਦੌਰਾਨ ਸ਼ੁਰੂ ਹੋ ਜਾਵੇਗੀ, ਅਤੇ ਇਹ 2020 ਵਿੱਚ ਰਿਲੀਜ਼ ਕੀਤੀ ਜਾਵੇਗੀ।