ਭਾਰਤੀ ਰਸੋਈ ‘ਚ ਭੋਜਨ ਦੇ ਲਈ ਮਸਾਲਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਮਸਾਲਿਆਂ ਤੋਂ ਹੀ ਸਾਨੂੰ ਸਾਡੇ ਭੋਜਨ ਦੀ ਪਛਾਣ ਹੁੰਦੀ ਹੈ। ਇਹ ਭੋਜਨ ਦਾ ਸੁਆਦ ਵਧਾਉਂਦੇ ਹਨ, ਪਰ ਸਿਹਤ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਤੇਜਪੱਤਾ। ਇਸ ਦੀ ਵਰਤੋਂ ਆਯੁਰਵੈਦਿਕ ਔਸ਼ਧੀ ਦੇ ਰੂਪ ‘ਚ ਵੀ ਕੀਤੀ ਜਾਂਦੀ ਹੈ। ਚਾਵਲ, ਬਿਰਆਨੀ, ਚਿਕਨ ਤੋਂ ਇਲਾਵਾ ਇਹ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਲਈ ਵਰਤੋਂ ‘ਚ ਲਿਆਇਆ ਜਾਂਦਾ ਹੈ। ਇਸ ਦੇ ਸੁੱਕੇ ਪੱਤੇ ਸਬਜ਼ੀ ‘ਚ ਬਹੁਤ ਹੀ ਚੰਗੀ ਖ਼ੁਸ਼ਬੂ ਦਿੰਦੇ ਹਨ। ਇਸ ‘ਚ ਲਗਭਗ 81 ਤੱਤ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਰੂਪ ‘ਚ ਸਿਹਤ ਨੂੰ ਫ਼ਾਇਦਾ ਪਹੁੰਚਾਉਂਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਾਇਟਾਮਿਨ A, C, ਸੋਡੀਅਮ, ਪੋਟੈਸ਼ੀਅਮ, ਕੈਲਸ਼ੀਅਮ, ਆਇਰਨ, ਮੈਗਨੀਜ਼ੀਅਮ, ਫ਼ਾਸਫ਼ੋਰਸ, ਜ਼ਿੰਕ, ਆਦਿ ਵਰਗੇ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਇਹ ਤੇਜਪੱਤਾ ਡਾਇਬਟੀਜ਼, ਖ਼ਾਂਸੀ, ਜੁਕਾਮ, ਜੋੜਾਂ ਦੇ ਦਰਦ, ਆਦਿ ਤੋਂ ਛੁਟਕਾਰਾ ਪਾਉਣ ‘ਚ ਵੀ ਕਾਰਗਾਰ ਹੁੰਦਾ ਹੈ।
ਸਰਦੀ ਦੂਰ ਕਰੇ – ਸਰਦੀ ਲੱਗ ਜਾਣ ‘ਤੇ ਛਿੱਕਾਂ ਆਉਣਾ, ਸਿਰ ਦਾ ਭਾਰੀਪਨ, ਗਲਾ ਬੈਠਣਾ, ਨੱਕ ‘ਚੋਂ ਪਾਣੀ ਨਿਕਲਣਾ, ਜ਼ੁਕਾਮ ਆਦਿ ਵਰਗੀਆਂ ਪਰੇਸ਼ਾਨੀਆਂ ਆਮ ਹੀ ਹੋ ਜਾਂਦੀਆਂ ਹਨ। ਇਸ ਲਈ 10 ਗ੍ਰਾਮ ਤੇਜਪੱਤੇ ਨੂੰ ਤਵੇ ‘ਤੇ ਸੇਕ ਲਓ। ਫ਼ਿਰ ਅੱਧਾ ਹਿੱਸਾ ਪਾਣੀ ‘ਚ ਉਬਾਲ ਕੇ ਦੁੱਧ ਅਤੇ ਖੰਡ ਮਿਲਾ ਕੇ ਚਾਹ ਦੀ ਤਰ੍ਹਾਂ ਬਣਾ ਲਓ। ਇਸ ਦੀ ਦਿਨ ‘ਚ ਤਿੰਨ ਵਾਰ ਵਰਤੋਂ ਕਰੋ। ਇਸ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ।
ਜ਼ਿਆਦਾ ਨੀਂਦ ਆਉਣਾ – ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਨੀਂਦ ਆਉਂਦੀ ਹੈ। ਅਜਿਹੇ ‘ਚ ਤੇਜਪੱਤੇ ਨੂੰ ਪਾਣੀ ‘ਚ ਛੇ ਘੰਟਿਆਂ ਲਈ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਦੀ ਵਰਤੋਂ ਕਰੋ। ਇਸ ਨਾਲ ਜ਼ਿਆਦਾ ਨੀਂਦ ਨਹੀਂ ਆਉਂਦੀ।
ਡਾਇਬਟੀਜ਼ ‘ਚ ਲਾਭਕਾਰੀ – ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ। ਸੁੱਕੇ ਤੇਜ ਪੱਤੇ ਦਾ ਚੂਰਨ ਬਣਾ ਲਓ। ਇੱਕ ਚੁਟਕੀ ਚੂਰਨ ਦੀ ਰੋਜ਼ਾਨਾ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਸ਼ਰੀਰ ‘ਚ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਖਾਂਸੀ ਦੂਰ ਕਰੇ – ਖਾਂਸੀ ਤੋਂ ਰਾਹਤ ਪਾਉਣ ਲਈ ਸੁੱਕਾ ਤੇਜ਼ ਪੱਤਾ ਅਤੇ ਛੋਟੀ ਪਿੱਪਲ ਨੂੰ ਬਰਾਬਰ ਮਾਤਰਾ ‘ਚ ਮਿਲਾ ਕੇ ਚੂਰਨ ਬਣਾ ਲਓ। ਫ਼ਿਰ ਅੱਧਾ ਚੱਮਚ ਚੂਰਨ ਨੂੰ ਇੱਕ ਚੱਮਚ ਸ਼ਹਿਦ ਦੇ ਨਾਲ ਮਿਲਾ ਕੇ ਵਰਤੋਂ ਕਰ ਲਓ। ਦਿਨ ‘ਚ ਤਿੰਨ ਵਾਰ ਇਸ ਨੂੰ ਖਾਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
ਦੰਦ ਚਮਕਾਏ – ਦੰਦਾਂ ਦੀ ਸਫ਼ੈਦੀ ਬਰਕਰਾਰ ਰੱਖਣ ਲਈ ਤੇਜ ਪੱਤੇ ਨਾਲ ਬਣੇ ਮੰਜਨ ਦੀ ਵਰਤੋਂ ਕਰੋ। ਸੁੱਕੇ ਤੇਜ ਪੱਤੇ ਨੂੰ ਪੀਸ ਕੇ ਤੁਸੀਂ ਇਸ ਨੂੰ ਖ਼ੁਦ ਵੀ ਬਣਾ ਸਕਦੇ ਹੋ। ਇਸ ਨਾਲ ਦੰਦ ਮਜ਼ਬੂਤ ਹੋਣ ਦੇ ਨਾਲ-ਨਾਲ ਸਫ਼ੈਦ ਵੀ ਹੋ ਜਾਣਗੇ।
ਕਿਡਨੀ ਸਟੋਨ ਲਈ ਫ਼ਾਇਦੇਮੰਦ – ਤੇਜਪੱਤਾ ਕਿਡਨੀ ਦੀ ਪੱਥਰੀ ਦੇ ਕਾਰਨ ਹੋਣ ਵਾਲੀ ਇਨਫ਼ੈਕਸ਼ਨ ਨੂੰ ਵੀ ਦੂਰ ਕਰਨ ‘ਚ ਬਹੁਤ ਲਾਭਕਾਰੀ ਹੁੰਦਾ ਹੈ। ਇਸ ਪੱਤੇ ਨੂੰ ਪਾਣੀ ‘ਚ ਉਬਾਲ ਕੇ ਠੰਡਾ ਕਰ ਕੇ ਪੀਣ ਨਾਲ ਵੀ ਫ਼ਾਇਦਾ ਮਿਲਦਾ ਹੈ।