ਰਿਤਿਕ ਰੌਸ਼ਨ ਦੇ ਫ਼ੈਨਜ਼ ਨੂੰ ਉਸ ਨਾਲ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਬਹੁਤ ਘੱਟ ਫ਼ਿਲਮਾਂ ਕਰਦਾ ਹੈ। ਲਗਭਗ ਦੋ ਸਾਲ ਤੋਂ ਰਿਤਿਕ ਵੱਡੀ ਸਕ੍ਰੀਨ ਤੋਂ ਗ਼ਾਇਬ ਰਿਹਾ ਹੈ। ਇਸ ਦਾ ਕਾਰਨ ਸ਼ਾਇਦ ਉਸ ਵਲੋਂ ਪਿਛਲੇ ਸਮੇਂ ਦੌਰਾਨ ਗ਼ਲਤ ਫ਼ਿਲਮਾਂ ਦੀ ਚੋਣ ਕਰਨਾ ਰਿਹਾ ਹੈ ਕਿਉਂਕਿ ਉਸ ਦੀਆਂ ਪਿਛਲੀਆਂ ਕੁੱਝ ਫ਼ਿਲਮਾਂ ਨੇ ਉਸ ਦੇ ਸਟਾਰਡਮ ਨਾਲ ਮੇਲ ਨਹੀਂ ਖਾਧਾ। ਰਿਤਿਕ ਦੀ ਅਗਲੀ ਰਿਲੀਜ਼ ਹੋਣ ਵਾਲੀ ਫ਼ਿਲਮ ਸੁਪਰ 30 ਹੈ। ਇਸ ਤੋਂ ਇਲਾਵਾ ਉਹ ਇੱਕ ਫ਼ਿਲਮ ਟਾਈਗਰ ਸ਼ੈਰੌਫ਼ ਨਾਲ ਵੀ ਕਰ ਰਿਹਾ ਹੈ ਜਦਕਿ ਕ੍ਰਿਸ਼-4 ਕਦੋਂ ਬਣਨੀ ਸ਼ੁਰੂ ਹੋਵੇਗੀ, ਇਸ ਬਾਰੇ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ।
ਹੁਣ ਚਰਚਾ ਚੱਲ ਰਹੀ ਹੈ ਕਿ ਰਿਤਿਕ ਨੂੰ ਸਾਊਥ ਦੀਆਂ ਫ਼ਿਲਮਾਂ ਦਾ ਮਸ਼ਹੂਰ ਨਿਰਦੇਸ਼ਕ ਸ਼ੰਕਰ ਆਪਣੀ ਅਗਲੀ ਫ਼ਿਲਮ ਲਈ ਸਾਈਨ ਕਰਨਾ ਚਾਹੁੰਦਾ ਹੈ। ਸ਼ੰਕਰ ਰਿਤਿਕ ਨਾਲ ਇੱਕ ਵੱਡੇ ਬਜਟ ਦੀ ਐਕਸ਼ਨ-ਥ੍ਰਿਲਰ ਫ਼ਿਲਮ ਬਣਾਉਣੀ ਚਾਹੁੰਦਾ ਹੈ। ਉਸ ਦਾ ਮੰਨਣਾ ਹੈ ਕਿ ਰਿਤਿਕ ਇਸ ਫ਼ਿਲਮ ਲਈ ਇੱਕ ਬਿਹਤਰੀਨ ਅਦਾਕਾਰ ਰਹੇਗਾ ਕਿਉਂਕਿ ਰਿਤਿਕ ਦੀ ਲੁਕ ਅਤੇ ਫ਼ਿੱਟ ਬੌਡੀ ਇਸ ਰੋਲ ਲਈ ਸਹੀ ਬੈਠਦੀ ਹੈ। ਵੈਸੇ ਰਿਤਿਕ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਪਸੰਦ ਆਈ ਹੈ, ਅਤੇ ਇਸ ਸਮੇਂ ਉਸ ਨਾਲ ਫ਼ੀਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਫ਼ਿਲਹਾਲ ਸ਼ੰਕਰ ਇੰਡੀਅਨ 2 ਡਾਇਰੈਕਟ ਕਰ ਰਿਹਾ ਹੈ। ਹਾਲ ਹੀ ‘ਚ ਸ਼ੰਕਰ ਦੁਆਰਾ ਨਿਰਦੇਸ਼ਤ ਫ਼ਿਲਮ 2.0 ਨੇ ਪਰਦੇ ‘ਤੇ ਕਈ ਰਿਕਾਰਡ ਕਾਇਮ ਕੀਤੇ ਹਨ। ਇਸ ਫ਼ਿਲਮ ਦਾ ਹਿੰਦੀ ਵਰਯਨ ਵੀ ਸੁਪਰਹਿੱਟ ਰਿਹਾ ਹੈ। ਜੇ ਰਿਤਿਕ ਰੌਸ਼ਨ ਸ਼ੰਕਰ ਨਾਲ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਹਾਮੀ ਭਰਦਾ ਹੈ ਤਾਂ ਜਲਦੀ ਹੀ ਇਸ ਬਾਰੇ ਐਲਾਨ ਕੀਤਾ ਜਾ ਸਕਦਾ ਹੈ।