ਨਵੀਂ ਦਿੱਲੀ – ਚੇਤੇਸ਼ਵਰ ਪੁਜਾਰਾ ਆਸਟਰੇਲੀਆ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਦੇ ਦਮ ‘ਤੇ ICC ਦੀ ਮੰਗਲਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ ਬੱਲੇਬਾਜ਼ਾਂ ਵਿੱਚ ਚੋਟੀ ਦੇ ਤਿੰਨ ‘ਚ ਸ਼ਾਮਿਲ ਹੋ ਗਏ ਹਨ ਜਦਕਿ ਸਿਡਨੀ ਟੈੱਸਟ ਵਿੱਚ ਸ਼ਾਨਦਾਰ ਸੈਂਕੜਾ ਲਾਉਣ ਵਾਲੇ ਰਿਸ਼ਭ ਪੰਤ ਨੇ 21 ਸਥਾਨਾਂ ਦੀ ਲੰਬੀ ਛਲਾਂਗ ਲਗਾ ਕੇ ਬੱਲੇਬਾਜ਼ੀ ਰੈਂਕਿੰਗ ਵਿੱਚ ਭਾਰਤੀ ਵਿਕਟਕੀਪਰਾਂ ਦੇ ਪਿਛਲੇ ਰਿਕਾਡ ਦੀ ਬਰਾਬਰੀ ਕੀਤੀ। ਪੁਜਾਰਾ ਨੇ ਚਾਰ ਮੈਚਾਂ ਵਿੱਚ ਕੁੱਲ 521 ਦੌੜਾਂ ਬਣਾਈਆਂ ਜਿਸ ਨਾਲ ਬੱਲੇਬਾਜ਼ੀ ਰੈਂਕਿੰਗ ਵਿੱਚ ਉਹ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਪੁਜਾਰਾ ਦੇ ਹੁਣ 881 ਰੇਟਿੰਗ ਅੰਕ ਹਨ।
ਕੋਹਲੀ ਬੱਲੇਬਾਜ਼ੀ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ
ਭਾਰਤੀ ਕਪਤਾਨ ਵਿਰਾਟ ਕੋਹਲੀ 922 ਅੰਕਾਂ ਦੇ ਨਾਲ ਚੋਟੀ ‘ਤੇ ਬਣੇ ਹੋਏ ਹਨ ਜਦਕਿ ਉਸ ਤੋਂ ਬਾਅਦ ਨਿਊ ਜ਼ੀਲੈਂਡ ਦੇ ਕੈਨ ਵਿਲੀਅਮਸਨ ਦਾ ਨੰਬਰ ਆਉਂਦਾ ਹੈ। ਸਿਡਨੀ ਵਿੱਚ 159 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ 21 ਸਾਲਾ ਪੰਤ ਬੱਲੇਬਾਜ਼ੀ ਰੈਂਕਿੰਗ ਵਿੱਚ 17ਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਭਾਰਤੀ ਵਿਕਟਕੀਪਰਾਂ ਦੀ ਸਰਵਸ੍ਰੇਸ਼ਠ ਰੈਂਕਿੰਗ ਦੇ ਫ਼ਾਰੂਖ਼ ਇੰਜੀਨਿਅਰ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ। ਇੰਜੀਨਿਅਰ ਜਨਵਰੀ 1973 ਵਿੱਚ 17ਵੇਂ ਨੰਬਰ ‘ਤੇ ਕਾਬਿਜ਼ ਸੀ। ਪੰਤ ਦੇ 673 ਰੇਟਿੰਗ ਅੰਕ ਹਨ ਜੋ ਕਿਸੇ ਭਾਰਤੀ ਵਿਕਟਕੀਪਰ ਦੇ ਸਭ ਤੋਂ ਵੱਧ ਅੰਕ ਹਨ। ਰੇਟਿੰਗ ਅੰਕਾਂ ਵਿੱਚ ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦਾ ਨੰਬਰ ਆਉਂਦਾ ਹੈ, ਪਰ ਉਸ ਦੀ ਸਰਵਸ੍ਰੇਸ਼ਠ ਰੈਂਕਿੰਗ 19 ਰਹੀ। ਇੰਜੀਨਿਅਰ ਦੇ ਸਭ ਤੋਂ ਵੱਧ ਅੰਕ 619 ਰਹੇ ਹਨ। ICC ਅੰਡਰ-19 ਵਿਸ਼ਵ ਕੱਪ 2019 ਦੇ ਸਟਾਰ ਪੰਤ ਸਿਰਫ਼ 9 ਟੈੱਸਟ ਮੈਚਾਂ ਬਾਅਦ ਚੋਟੀ 20 ‘ਚ ਸ਼ਾਮਿਲ ਹੋ ਗਏ ਹਨ।
ਹੋਰ ਬੱਲੇਬਾਜ਼ਾਂ ਵਿੱਚੋਂ ਰਵਿੰਦਰ ਜਡੇਜਾ ਵੇ ਸਥਾਨ ਉੱਪਰ 57ਵੇਂ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪੰਜ ਸਥਾਨਾਂ ਦੇ ਫ਼ਾਇਦੇ ਨਾਲ 62ਵੇਂ ਰੈਂਕ ‘ਤੇ ਪਹੁੰਚ ਗਏ, ਪਰ ਰਹਾਣੇ ਤਿੰਨ ਸਥਾਨ ਹੇਠਾਂ 22ਵੇਂ ਸਥਾਨ ‘ਤੇ ਖਿਸਕ ਗਏ ਹਨ। ਜਡੇਜਾ ਗੇਂਦਬਾਜ਼ਾਂ ਅਤੇ ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਵੀ 1-1 ਸਥਾਨ ਅੱਗੇ ਵੱਧ ਕੇ ਕ੍ਰਮਵਾਰ: ਪੰਜਵੇਂ ਅਤੇ ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਵਿੱਚ ਕੁਲਦੀਪ ਯਾਦਵ ਸੱਤ ਸਥਾਨ ਅੱਗੇ ਆਪਣੀ ਕਰੀਅਰ ਦੀ 45ਵੀਂ ਰੈਂਕਿੰਗ ‘ਤੇ ਕਾਬਿਜ਼ ਹੋ ਗਏ ਹਨ। ਉਨ੍ਹਾਂ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਵਿੱਚ 99 ਦੌੜਾਂ ਦੇ ਕੇ ਪੰਜ ਵਿਕਟਾ ਹਾਸਿਲ ਕੀਤੀਆਂ ਸਨ। ਜਸਪ੍ਰੀਤ ਬੁਮਰਾਹ 16ਵੇਂ ਸਥਾਨ ‘ਤੇ ਬਣੇ ਹੋਏ ਹਨ ਜਦਕਿ ਮੁਹੰਮਦ ਸ਼ਮੀ ਇੱਕ ਸਥਾਨ ਉੱਤੇ 22ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਜ਼ਖ਼ਮੀ ਹੋਣ ਕਾਰਨ ਸੀਰੀਜ਼ ‘ਚੋਂ ਬਾਹਰ ਹੋਣ ਵਾਲੇ ਰਵੀਚੰਦਰਨ ਅਸ਼ਵਿਨ ਨੌਂਵੇਂ ਸਥਾਨ ‘ਤੇ ਖਿਸਕ ਗਏ ਹਨ। ਆਸਟਰੇਲੀਆਈ ਖਿਡਾਰੀਆਂ ਵਿੱਚ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ਨੂੰ ਪਹਿਲੀ ਪਾਰੀ ਵਿੱਚ 79 ਦੌੜਾਂ ਬਣਾਉਣ ਦਾ ਫ਼ਾਇਦਾ ਮਿਲਿਆ ਹੈ, ਅਤੇ ਉਹ 21 ਸਥਾਨ ਦੀ ਛਲਾਂਗ ਲਗਾ ਕੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 69ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ। ਗੇਂਦਬਾਜ਼ੀ ਵਿੱਚ ਨੇਥਨ ਲਾਇਨ 13ਵੇਂ ਸਥਾਨ ‘ਤੇ ਪਹੁੰਚ ਗਏ ਹਨ। ਭਾਰਤ ਅਤੇ ਆਸਟਰੇਲੀਆ ਵਿਚਾਲੇ ਸਿਡਨੀ ਟੈੱਸਟ ਮੈਚ ਦੀ ਸਮਾਪਤੀ ਤੋਂ ਬਾਅਦ ਜਾਰੀ ਇਸ ਰੈਂਕਿੰਗ ਵਿੱਚ ਦੱਖਣੀ ਅਫ਼ਰੀਕਾ ਅਤੇ ਪਾਕਿਸਤਾਨ ਵਿਚਾਲੇ ਕੇਪਟਾਊਨ ਵਿੱਚ ਖੇਡਿਆ ਗਿਆ ਮੈਚ ਵੀ ਸ਼ਾਮਿਲ ਹੈ। ਅਫ਼ਰੀਕੀ ਕਪਤਾਨ ਫ਼ੈਫ਼ ਡੁਪਲੇਸੀ ਦਾ ਛੇ ਸਥਾਨਾਂ ਦਾ ਫ਼ਾਇਦਾ ਹੋਇਆ ਹੈ, ਅਤੇ ਹੁਣ ਉਹ 16ਵੇਂ ਸਥਾਨ ‘ਤੇ ਪਹੁੰਚ ਗਏ ਹਨ। ਟੀਮ ਰੈਂਕਿੰਗ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਭਾਰਤ 116 ਅੰਕਾਂ ਦੇ ਨਾਲ ਚੋਟੀ ‘ਤੇ ਬਣਿਆ ਹੋਇਆ ਹੈ। ਆਸਟਰੇਲੀਆ (101) ਨੂੰ ਇੱਕ ਅੰਕ ਦਾ ਨੁਕਸਾਨ ਹੋਇਆ, ਪਰ ਉਹ ਪੰਜਵੇਂ ਸਥਾਨ ‘ਤੇ ਬਰਕਰਾਰ ਹੈ।