ਪੰਚਕੂਲਾ— ਹਰਿਆਣਾ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ‘ਚ ਪੰਚਕੂਲਾ ਦੀ ਸੈਪਸ਼ਲ ਸੀ.ਬੀ.ਆਈ. ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਛੱਤਰਪਤੀ ਦੇ ਬੇਟੇ ਅੰਸ਼ੁਲ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਮੈਂ ਕੋਰਟ ਦਾ ਸ਼ੁਕਰੀਆ ਕਰਦਾ ਹਾਂ। ਉਸ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਨਿਆਂ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੱਜ ਸਾਡੇ ਲਈ ਭਗਵਾਨ ਦਾ ਰੂਪ ਬਣ ਕੇ ਆਏ ਹਨ, ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਬਾਅਦ ਸਾਨੂੰ ਨਿਆਂ ਦਿੱਤਾ ਹੈ। ਸਾਡੇ ਗਵਾਹਾਂ ਮੈਂ ਕਰਜ਼ਾਈ ਹਾਂ, ਜਿਨ੍ਹਾਂ ਨੇ ਇੰਨੇ ਦਬਾਅ ਅਤੇ ਧਮਕੀਆਂ ਦੇ ਬਾਵਜੂਦ ਗਵਾਹੀ ਦਿੱਤੀ। ਸੀ.ਬੀ.ਆਈ. ਨੇ ਜੋ ਜਾਂਚ ਕੀਤੀ ਹੈ, ਉਹ ਤਾਰੀਫਯੋਗ ਹੈ। ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ਕਰੀਬ 16 ਸਾਲ ਪੁਰਾਣਾ ਹੈ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ ‘ਚ ਮੁੱਖ ਦੋਸ਼ੀ ਹਨ। ਸਾਲ 2002 ‘ਚ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ ਦੇ ਜੱਜ ਜਗਦੀਪ ਸਿੰਘ ਨੇ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਇਸ ਮਾਮਲੇ ‘ਚ ਦੋਸ਼ੀ ਠਹਿਰਾਇਆ ਹੈ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ 17 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।