ਦਿੱਲੀ ਦੇ ਇੱਕ ਹਸਪਤਾਲ ‘ਚ ਡਾਕਟਰਾਂ ਦੇ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਸ਼ੁਰੂਆਤੀ ਪੱਧਰ ਦੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕ ਜੇ ਛੇ ਮਹੀਨੇ ਨਿਯਮਿਤ ਰੂਪ ਨਾਲ ਯੋਗਾ ਕਰਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫ਼ੀ ਤੇਜ਼ੀ ਨਾਲ ਨੌਰਮਲ ਹੋ ਸਕਦਾ ਹੈ। ਇਹ ਅਧਿਐਨ ਸਰ ਗੰਗਾਰਾਮ ਹਸਪਤਾਲ ਦੇ ਨਿਊਰੋਫ਼ਿਜ਼ੀਓਲੌਜੀ ਵਿਭਾਗ ਦੇ ਖੋਜਕਾਰਾਂ ਨੇ ਕੀਤਾ। ਹਸਪਤਾਲ ਨੇ ਇੱਕ ਬਿਆਨ ‘ਚ ਕਿਹਾ ਗਿਆ ਕਿ ਸ਼ੁਰੂਆਤੀ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਤੋਂ ਪੀੜਤ 120 ਰੋਗੀਆਂ ਦੇ ਪ੍ਰਭਾਵ ਨੂੰ ਜਾਣਨ ਲਈ ਇਹ ਅਧਿਐਨ ਕੀਤਾ ਗਿਆ।
ਬਿਆਨ ‘ਚ ਕਿਹਾ ਗਿਆ ਹੈ ਕਿ ਮਰੀਜ਼ਾਂ ਨੂੰ ਦੋ ਸਮੂਹਾਂ ‘ਚ ਵੰਡਿਆ ਗਿਆ। ਪਹਿਲੇ ਸਮੂਹ ਨੂੰ ਨਿਯਮਿਤ ਰੂਪ ਨਾਲ ਯੋਗਾ ਕਰਨ ਨੂੰ ਕਿਹਾ ਗਿਆ ਜਦੋਂਕਿ ਦੂਜੇ ਸਮੂਹ ਨੂੰ ਕਸਰਤ ਕਰਨ, ਖਾਣ-ਪੀਣ ਦੀ ਸ਼ੈਲੀ ‘ਚ ਸੁਧਾਰ ਅਤੇ ਸਿਗਰਟਨੋਸ਼ੀ ਤੋਂ ਬਚਣ ਨੂੰ ਕਿਹਾ ਗਿਆ। ਅਧਿਐਨ ਰਿਪੋਰਟ ਦੀ ਲੇਖਕ ਨੰਦਿਨੀ ਅਗਰਵਾਲ ਨੇ ਕਿਹਾ ਕਿ ਮਰੀਜ਼ਾਂ ਦੇ 24 ਘੰਟੇ ਅਤੇ ਖ਼ਾਸ ਕਰ ਕੇ ਰਾਤ ਦੇ ਸਮੇਂ ਦੇ ਡਾਇਸਟੋਲਿਕ ਬਲੱਡ ਪ੍ਰੈਸ਼ਰ ਅਤੇ ਔਸਤ ਧੰਮਣੀ ਦਬਾਅ ਦੀ ਜਾਂਚ ‘ਚ ਸਾਹਮਣੇ ਆਇਆ ਕਿ ਦੂਜੇ ਕਸਰਤ ਕਰਨ ਵਾਲਿਆਂ ਦੇ ਮੁਕਾਬਲੇ ਯੋਗਾ ਕਰਨ ਵਾਲੇ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ‘ਚ ਤੇਜ਼ੀ ਨਾਲ ਗਿਰਾਵਟ ਆਈ।
ਅਗਰਵਾਲ ਨੇ ਕਿਹਾ ਕਿ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਯੋਗਾ ਕਰਨ ਨਾਲ ਪ੍ਰੀ ਹਾਈਪਰਟੈਂਸ਼ਨ ਦੇ ਸ਼ਿਕਾਰ ਲੋਕਾਂ ਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਨੌਰਮਲ ਹੋ ਸਕਦਾ ਹੈ। ਹਸਪਤਾਲ ‘ਚ ਨਿਊਰੋਫ਼ਿਜ਼ੀਓਲੌਜੀ ਵਿਭਾਗ ਦੀ ਪ੍ਰਧਾਨ ਐੱਮ ਗੌਰੀ ਦੇਵੀ ਨੇ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਪੂਰੀ ਦੁਨੀਆ ‘ਚ ਇੱਕ ਮੁੱਖ ਸਿਹਤ ਸਮੱਸਿਆ ਹੈ। ਹਰ ਪੰਜ ‘ਚੋਂ ਇੱਕ ਵਿਅਕਤੀ ਇਸ ਦਾ ਸ਼ਿਕਾਰ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ‘ਚ 2015 ਤਕ 29.2 ਫ਼ੀਸਦੀ ਤਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ।