ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੀ ਜੋੜੀ ਬਹੁਤ ਜਲਦੀ ਫ਼ਿਲਮ ਹਿੰਦੀ ਮੀਡੀਅਮ ਦੇ ਸੀਕੁਅਲ ‘ਚ ਨਜ਼ਰ ਆ ਸਕਦੀ ਹੈ …

ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੀ ਜੋੜੀ ਨੂੰ ਦਰਸ਼ਕ ਸਕ੍ਰੀਨ ‘ਤੇ ਦੇਖਣਾ ਬੇਹੱਦ ਪਸੰਦ ਕਰਦੇ ਹਨ। ਸਾਲ 2015 ‘ਚ ਰਿਲੀਜ਼ ਹੋਈ ਫ਼ਿਲਮ ਦਿਲਵਾਲੇ ‘ਚ ਇਹ ਜੋੜੀ ਨਜ਼ਰ ਆਈ ਸੀ। ਹੁਣ ਇੱਕ ਵਾਰ ਫ਼ਿਰ ਜਲਦ ਹੀ ਇਹ ਜੋੜੀ ਮੁੜ ਨਜ਼ਰ ਆ ਸਕਦੀ ਹੈ। ਜਾਣਕਾਰੀ ਮੁਤਾਬਿਕ, ਇਰਫ਼ਾਨ ਖ਼ਾਨ ਦੀ ਸੁਪਰਹਿੱਟ ਫ਼ਿਲਮ ਹਿੰਦੀ ਮੀਡੀਅਮ ਦਾ ਸੀਕੁਅਲ ਬਣਨ ਜਾ ਰਿਹਾ ਹੈ। ਇਸ ਸੀਕੁਅਲ ‘ਚ ਲੀਡ ਕਲਾਕਾਰਾਂ ਦੇ ਤੌਰ ‘ਤੇ ਕਾਜੋਲ ਅਤੇ ਸ਼ਾਹਰੁਖ਼ ਨੂੰ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ।
ਸੂਤਰਾਂ ਮੁਤਾਬਿਕ, ਇਨ੍ਹਾਂ ਦੋਹਾਂ ਨੇ ਹੀ ਸਕ੍ਰਿਪਟ ਪੜ੍ਹ ਲਈ ਹੈ। ਵੈਸੇ ਇਸ ਫ਼ਿਲਮ ‘ਚ ਇਰਫ਼ਾਨ ਖ਼ਾਨ ਵੀ ਨਜ਼ਰ ਆਏਗਾ। ਫ਼ਿਲਮ ਦੀ ਸ਼ੂਟਿੰਗ ਅਮਰੀਕਾ ਵਿੱਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਰਫ਼ਾਨ ਦੀ ਸਿਹਤ ਖ਼ਰਾਬ ਹੋਣ ਕਾਰਨ ਫ਼ਿਲਮ ਦਾ ਪ੍ਰੋਡਿਊਸਰ ਦਿਨੇਸ਼ ਨਵੀਂ ਸਟਾਰਕਾਸਟ ਨਾਲ ਹਿੰਦੀ ਮੀਡੀਅਮ ਦਾ ਸੀਕੁਅਲ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਫ਼ਿਰ ਕੁੱਝ ਸਮੇਂ ਲਈ ਫ਼ਿਲਮ ਰੁਕ ਗਈ। ਹੁਣ ਇੱਕ ਵਾਰ ਫ਼ਿਰ ਫ਼ਿਲਮ ਚਰਚਾ ‘ਚ ਆ ਗਈ ਹੈ। ਫ਼ਿਲਹਾਲ ਪ੍ਰੋਡਿਊਸਰ ਨੇ ਇਸ ਸੀਕੁਅਲ ਬਾਰੇ ਕੋਈ ਗੱਲ ਨਹੀਂ ਆਖੀ।
ਦੱਸਣਯੋਗ ਹੈ ਕਿ ਫ਼ਿਲਮ ਹਿੰਦੀ ਮੀਡੀਅਮ ਵਿੱਚ ਸਕੂਲਾਂ ਅਤੇ ਸਿੱਖਿਆ ਨੂੰ ਲੈਕੇ ਫ਼ੋਕਸ ਕੀਤਾ ਗਿਆ ਸੀ। ਫ਼ਿਲਮ ‘ਚ ਇਰਫ਼ਾਨ ਨੇ ਚੰਗੀ ਅਦਾਕਾਰੀ ਦਿਖਾਈ ਸੀ। ਉਸ ਨਾਲ ਪਾਕਿਸਤਾਨ ਦੀ ਅਭਿਨੇਤਰੀ ਸਬਾ ਕਮਰ ਨੇ ਵੀ ਸ਼ਾਨਦਾਰ ਅਦਾਕਾਰੀ ਦਿਖਾਈ। ਹਿੰਦੀ ਮੀਡੀਅਮ ਨੂੰ ਡਾਇਰੈਕਟ ਕਰਨ ਵਾਲੇ ਸਾਕੇਤ ਚੌਧਰੀ ਇਸ ਸੀਕੁਅਲ ਦਾ ਹਿੱਸਾ ਨਹੀਂ ਹਨ।
ਹਿੰਦੀ ਮੀਡੀਅਮ ਨੂੰ ਦਿਨੇਸ਼ ਅਤੇ ਭੂਸ਼ਣ ਕੁਮਾਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਸ ਵਾਰ ਫ਼ਿਲਮ ਨੂੰ ਹੋਮੀ ਅਦਜਾਨਿਆ ਡਾਇਰੈਕਟ ਕਰੇਗਾ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਦੀ ਕਹਾਣੀ ਇੱਕ ਦਹਾਕਾ ਅੱਗੇ ਤੋਂ ਸ਼ੁਰੂ ਕੀਤੀ ਜਾਵੇਗੀ। ਹਾਲੇ ਕੁੱਝ ਦਿਨ ਪਹਿਲਾਂ ਹੀ ਸ਼ਾਹਰੁਖ਼ ਦੀ ਫ਼ਿਲਮ ਜ਼ੀਰੋ ਰਿਲੀਜ਼ ਹੋਈ ਸੀ ਜੋ ਪਰਦੇ ‘ਤੇ ਚੰਗੀ ਕਮਾਈ ਕਰ ਰਹੀ ਹੈ। ਜਲਦੀ ਹੀ ਸਾਹੁਰਖ਼ ਮਹਾਂਨਾਇਕ ਅਮਿਤਾਭ ਬੱਚਨ ਨਾਲ ਬਦਲਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗਾ।