ਬੌਲੀਵੁਡ ਦੇ ਸੁਪਰਸਟਾਰਜ਼ ਸ਼ਾਹਰੁਖ਼ ਖ਼ਾਨ ਅਤੇ ਸਲਮਾਨ ਖ਼ਾਨ ਦੀ ਦੁਸ਼ਮਣੀ ਦੇ ਕਿੱਸੇ ਫ਼ਿਲਮ ਇੰਡਸਟਰੀ ‘ਚ ਲੰਬਾ ਸਮਾਂ ਚਰਚਾ ‘ਚ ਰਹੇ ਹਨ। ਪਿਛਲੇ ਕੁੱਝ ਸਾਲਾਂ ਤੋਂ ਦੋਹਾਂ ‘ਚ ਪਈਆਂ ਦੂਰੀਆਂ ਘੱਟ ਹੋਈਆਂ ਹਨ ਅਤੇ ਹੁਣ ਤਾਂ ਉਹ ਦੋਹੇਂ ਮੁੜ ਚੰਗੇ ਦੋਸਤ ਬਣ ਚੁੱਕੇ ਹਨ। ਸ਼ਾਹਰੁਖ਼ ਨੇ ਸਲਮਾਨ ਦੀ ਫ਼ਿਲਮ ਟਿਊਬਲਾਈਟ ‘ਚ ਜਿੱਥੇ ਕੈਮਿਓ ਰੋਲ ਕੀਤਾ ਸੀ ਉੱਥੇ ਸਲਮਾਨ ਨੇ ਉਸ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਜ਼ੀਰੋ ਵਿੱਚ ਇੱਕ ਕੈਮਿਓ ਰੋਲ ਕੀਤਾ ਹੈ। ਹੁਣ ਦੋਹਾਂ ਸਿਤਾਰਿਆਂ ਦੇ ਫ਼ੈਨਜ਼ ਨੂੰ ਇੰਤਜ਼ਾਰ ਹੈ ਕਿ ਕਰਨ-ਅਰਜੁਨ ਅਤੇ ਹਮ ਤੁਮ੍ਹਾਰੇ ਹੈਂ ਸਨਮ ਵਰਗੀਆਂ ਫ਼ਿਲਮਾਂ ‘ਚ ਇਕੱਠੇ ਕੰਮ ਕਰਨ ਵਾਲੀ ਇਹ ਜੋੜੀ ਇੱਕ ਵਾਰ ਫ਼ਿਰ ਵੱਡੇ ਪਰਦੇ ‘ਤੇ ਨਜ਼ਰ ਆਏ।
ਇੰਡਸਟਰੀ ਦੀਆਂ ਖ਼ਬਰਾਂ ਦੀ ਮੰਨੀਏ ਤਾਂ ਅਜਿਹਾ ਸੰਭਵ ਹੋ ਸਕਦਾ ਹੈ। ਅਸਲ ਵਿੱਚ ਬੌਲੀਵੁਡ ਦਾ ਮਸ਼ਹੂਰ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਆਪਣੇ ਅਗਲੇ ਪ੍ਰੌਜੈਕਟ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਮੁਤਾਬਿਕ, ਇਸ ਫ਼ਿਲਮ ‘ਚ ਉਹ ਇਨ੍ਹਾਂ ਦੋਹਾਂ ਸਿਤਾਰਿਆਂ ਨੂੰ ਲੈ ਸਕਦਾ ਹੈ। ਇਹ ਫ਼ਿਲਮ ਦੋ ਅਜਿਹੇ ਗੂੜ੍ਹੇ ਦੋਸਤਾਂ ਦੀ ਕਹਾਣੀ ਹੋਵੇਗੀ ਜੋ ਬਾਅਦ ‘ਚ ਇੱਕ-ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ, ਪਰ ਆਪਣੇ ਦੁਸ਼ਮਣ ਨਾਲ ਲੜਨ ਲਈ ਦੋਵੇਂ ਮੁੜ ਇਕੱਠੇ ਹੋ ਜਾਂਦੇ ਹਨ। ਇਸ ਫ਼ਿਲਮ ਦੀ ਕਹਾਣੀ ਕੁੱਝ ਹੱਦ ਤਕ ਰਾਜਕੁਮਾਰ ਅਤੇ ਦਿਲੀਪ ਕੁਮਾਰ ਦੀ 1991 ਵਿੱਚ ਆਈ ਫ਼ਿਲਮ ਸੌਦਾਗਰ ਵਰਗੀ ਲਗਦੀ ਹੈ।
ਭੰਸਾਲੀ ਇਸ ਗੱਲ ਦਾ ਪੂਰਾ ਖ਼ਿਆਲ ਰੱਖ ਰਿਹਾ ਹੈ ਕਿ ਉਸ ਦੀ ਇਹ ਫ਼ਿਲਮ ਕਿਸੇ ਪਾਸਿਓਂ ਵੀ ਸੁਭਾਸ਼ ਘਈ ਦੀ ਇਸ ਸੁਪਰਹਿੱਟ ਫ਼ਿਲਮ ਵਰਗੀ ਨਾ ਲੱਗੇ। ਜ਼ਿਕਰਯੋਗ ਹੈ ਕਿ ਭੰਸਾਲੀ ਪਹਿਲਾਂ ਵੀ ਸਲਮਾਨ ਨਾਲ ਖ਼ਾਮੋਸ਼ੀ: ਏ ਮਿਊਜ਼ੀਕਲ ਅਤੇ ਹਮ ਦਿਲ ਦੇ ਚੁਕੇ ਸਨਮ ਵਰਗੀਆਂ ਫ਼ਿਲਮਾਂ ਬਣਾ ਚੁੱਕਾ ਹੈ। ਉਸ ਨੇ ਸ਼ਾਹਰੁਖ਼ ਨਾਲ ਦੇਵਦਾਸ ਵਰਗੀ ਫ਼ਿਲਮ ਕੀਤੀ ਹੈ। ਜੇ ਇਹ ਦੋਹੇਂ ਸਟਾਰਜ਼ ਇਕੱਠੇ ਕੰਮ ਕਰਨ ਲਈ ਹਾਮੀ ਭਰ ਦਿੰਦੇ ਹਨ ਤਾਂ ਭੰਸਾਲੀ ਦੀ ਇਹ ਫ਼ਿਲਮ ਵੀ ਸੁਪਰਹਿੱਟ ਸਾਬਿਤ ਹੋ ਸਕਦੀ ਹੈ। ਵੈਸੇ ਭੰਸਾਲੀ ਜਲਦੀ ਹੀ ਪ੍ਰਿਅੰਕਾ ਚੋਪੜਾ ਨੂੰ ਲੈ ਕੇ ਗੰਗੂਬਾਈ ਕੋਠੇਵਾਲੀ ਅਤੇ ਇੱਕ ਹੋਰ ਫ਼ਿਲਮ ਮਲਾਲ ਵੀ ਬਣਾ ਰਿਹਾ ਹੈ।