ਸਿਡਨੀ – ਆਸਟਰੇਲੀਆਈ ਕਪਤਾਨ ਟਿਮ ਪੇਨ ਨੇ ਮੰਨਿਆ ਕਿ ਭਾਰਤ ਦਾ ਮੌਜੂਦਾ ਗੇਂਦਬਾਜ਼ੀ ਹਮਲਾ ਦੁਨੀਆ ਦਾ ਸਰਵਸ੍ਰੇਸ਼ਠ ਹਮਲਾ ਹੈ। ਪੇਨ ਨੇ ਮੈਚ ਤੋਂ ਬਾਅਦ ਕਿਹਾ, ”ਇਹ ਭਾਰਤੀ ਹਮਲਾ ਸੱਚਮੁੱਚ ਕਾਫ਼ੀ ਚੰਗਾ ਸੀ। ਮੈਨੂੰ ਨਹੀਂ ਲੱਗਦਾ ਕਿ ਆਸਟਰੇਲੀਆ ਵਿੱਚ ਅਸੀਂ ਉਨ੍ਹਾਂ ਨੂੰ ਇਸ ਦਾ ਸਿਹਰਾ ਦਿੱਤਾ ਕਿ ਉਹ ਕਿੰਨੇ ਕੰਟਰੋਲ ਵਿੱਚ ਰਹੇ। ਤਿੰਨ ਤੇਜ਼ ਗੇਂਦਬਾਜ਼ਾਂ ਨੇ ਕਾਫ਼ੀ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ। ਉਹ ਦਬਾਅ ਬਣਾਉਣ ਵਿੱਚ ਨਿਰੰਤਰ ਕਾਮਯਾਬ ਰਹੇ।”
ਉਸ ਨੇ ਕਿਹਾ, ”ਉਨ੍ਹਾਂ ਦੇ ਗੇਂਦਬਾਜ਼ੀ ਹਮਲੇ ਵਿਰੁੱਧ ਬੱਲੇਬਾਜ਼ੀ ਕਰਨਾ ਕਾਫ਼ੀ ਮੁਸ਼ਕਿਲ ਸੀ। ਮਾਰਕਸ ਹੈਰਿਸ ਅਤੇ ਟ੍ਰੈਵਿਸ ਹੈੱਡ ਦਾ ਦੁਨੀਆ ਦੇ ਸਰਵਸ੍ਰੇਸ਼ਠ ਗੇਂਦਬਾਜ਼ੀ ਹਮਲੇ ਵਿਰੁੱਧ ਦੌੜਾਂ ਬਣਾਉਣਾ ਸੱਚਮੁੱਚ ਕਾਫ਼ੀ ਹਾਂ-ਪੱਖੀ ਸੀ।”
ਜ਼ਿਕਰਯੋਗ ਹੈ ਕਿ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਉਨ੍ਹਾਂ ਦੀ ਧਰਤੀ ‘ਤੇ 71 ਸਾਲਾ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਟੈੱਸਟ ਸੀਰੀਜ਼ ਜਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਅਤੇ ਵਿਸ਼ਵ ਦੀ ਪੰਜਵੀਂ ਟੀਮ ਬਣੀ ਗਈ ਹੈ। ਮੀਂਹ ਕਾਰਨ ਪੰਜਵੇਂ ਅਤੇ ਆਖ਼ਰੀ ਦਿਨ ਖੇਡ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਲੰਚ ਤੋਂ ਬਾਅਦ ਮੈਚ ਡਰਾਅ ਕਰਨ ਦਾ ਫ਼ੈਸਲ ਕੀਤਾ ਜਿਸ ਨਾਲ ਭਾਰਤ ਨੇ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸ ਤਰ੍ਹਾਂ ਨਾਲ ਭਾਰਤ ਬਾਰਡਰ-ਗਾਵਸਕਰ ਟਰਾਫ਼ੀ ਆਪਣੇ ਕੋਲ ਬਰਕਰਾਰ ਰੱਖਣ ‘ਚ ਵੀ ਸਫ਼ਲ ਰਿਹਾ।