ਬਗ਼ੈਰ ਡਾਕਟਰੀ ਸਲਾਹ ਦੇ ਐਂਟੀਬੌਇਓਟਿਕ ਦਵਾਈਆਂ ਦੀ ਵਰਤੋਂ ਦੇ ਆਦੀ ਅਤੇ ਚਿਕਨ ਦੇ ਸ਼ੌਕੀਨ ਲੋਕ ਜਾਣੇ-ਅਣਜਾਣੇ ਸਿਹਤ ਸਬੰਧੀ ਮੁਸੀਬਤਾਂ ਨੂੰ ਸੱਦਾ ਦੇ ਰਹੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਐਂਟੀਬੌਇਓਟਿਕ ਜਾਂ ਦਰਦ ਰੋਕੂ ਦਵਾਈਆਂ ਦੇ ਜ਼ਿਅਦਾ ਇਸਤੇਮਾਲ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਭਾਰਤ ਵਿੱਚ ਤਾਂ ਆਮ ਤੌਰ ‘ਤੇ ਲੋਕ ਖ਼ਾਂਸੀ-ਜ਼ੁਕਾਮ, ਬੁਖ਼ਾਰ ਵਰਗੀਆਂ ਬੀਮਾਰੀਆਂ ‘ਚ ਹਸਪਤਾਲ ਜਾਂ ਡਾਕਟਰ ਦੀ ਕਲੀਨਿਕ ‘ਤੇ ਜਾਣ ਦੀ ਬਜਾਏ ਮੈਡੀਕਲ ਸਟੋਰ ਦਾ ਰੁਖ਼ ਕਰਨਾ ਪਸੰਦ ਕਰਦੇ ਹਾਂ ਜਿਥੇ ਤੁਰੰਤ ਆਰਾਮ ਦੇ ਚੱਕਰ ‘ਚ ਉਨ੍ਹਾਂ ਨੂੰ ਦਰਦ ਰੋਕੂ ਅਤੇ ਐਂਟੀਬੌਇਓਟਿਕਸ ਦੀ ਡੋਜ਼ ਦੇ ਦਿੱਤੀ ਜਾਂਦੀ ਹੈ ਅਤੇ ਇਹੀ ਦਵਾਈ ਭਵਿੱਖ ‘ਚ ਉਨ੍ਹਾਂ ਦੀ ਖ਼ਰਾਬ ਸਿਹਤ ਦਾ ਇੱਕ ਵੱਡਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਮੁਰਗ਼ੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਐਂਟੀਬੌਇਓਟਿਕ ਦਵਾਈਆਂ ਵਾਲੇ ਦਾਣਿਆਂ ਦਾ ਵਧਦਾ ਰੁਝਾਨ ਵੀ ਆਮ ਜ਼ਿੰਦਗੀ ਲਈ ਖ਼ਤਰਨਾਕ ਸਿੱਧ ਹੋ ਰਿਹਾ ਹੈ। ਚਿਕਨ ਦੀ ਵਰਤੋਂ ਨਾਲ ਐਂਟੀਬੌਇਓਟਿਕਸ ਲੋਕਾਂ ਦੇ ਸ਼ਰੀਰ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ ਅਤੇ ਰੋਗ ਰੋਕੂ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ।
ਭਾਰਤ ਦੀ ਕੇਂਦਰ ਸਰਕਾਰ ਸਿਹਤ ਯੋਜਨਾ (CGHS) ‘ਚ ਮੈਡੀਸਿਨ ਮਾਹਰ ਡਾ. ਅਰੁਣ ਕ੍ਰਿਸ਼ਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਫ਼ੌਰੀ ਰਾਹਤ ਲਈ ਐਂਟੀਬੌਇਓਟਿਕ ਦਵਾਈਆਂ ਦਾ ਧੜੱਲੇ ਨਾਲ ਇਸਤੇਮਾਲ ਹੋ ਰਿਹਾ ਹੈ ਜੋ ਭਵਿੱਖ ‘ਚ ਕਈ ਮੁਸੀਬਤਾਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਲੱਚਰ ਕਾਨੂੰਨ ਵੀ ਐਂਟੀਬਾਇਓਟਿਕਸ ਅਤੇ ਦਰਦ ਰੋਕੂ ਦਵਾਈਆਂ ਦੇ ਵਧਦੇ ਰੁਝਾਨ ਲਈ ਜ਼ਿੰਮੇਵਾਰ ਹਨ। ਅਸਲ ‘ਚ, ਕੁੱਝ ਕੁ ਦਵਾਈਆਂ ਨੂੰ ਛੱਡ ਕੇ ਮੈਡੀਕਲ ਸਟੋਰ ਸੰਚਾਲਕ ਦਵਾਈਆਂ ਦੀ ਵਿਕਰੀ ਬਗ਼ੈਰ ਡਾਕਟਰੀ ਸਲਾਹ ਦੇ ਨਹੀਂ ਕਰ ਸਕਦਾ, ਪਰ ਭਾਰਤ ਵਿੱਚ ਜ਼ਿਆਦਾਤਰ ਸ਼ਹਿਰਾਂ ‘ਚ ਮੈਡੀਕਲ ਸਟੋਰ ਸੰਚਾਲਕ ਡਾਕਟਰਾਂ ਵਾਂਗ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਹਨ ਜਿਸ ਨਾਲ ਨਾ ਸਿਰਫ਼ ਮਰੀਜ਼ਾਂ ਦੀ ਜਾਨ ਖ਼ਤਰੇ ‘ਚ ਪੈ ਰਹੀ ਹੈ ਸਗੋਂ ਇਸ ਦੀ ਆੜ੍ਹ ‘ਚ ਕਈ ਮੁਸ਼ਕਿਲ ਬੀਮਾਰੀਆਂ ਨੂੰ ਉਤਸਾਹ ਮਿਲ ਰਿਹਾ ਹੈ।