ਨਵੀਂ ਦਿੱਲੀ— ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ 352ਵਾਂ ਪ੍ਰਕਾਸ਼ ਪੁਰਬ ਹੈ। ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਜੀ ਦੇ ਸਨਮਾਨ ‘ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੋਦੀ ਨੂੰ ਸਿਰਪਾਓ ਭੇਟ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਰਹੇ।
ਸੰਬੋਧਨ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ’ ਬੁਲਾਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਕੋਨੇ ਤੋਂ ਇੱਥੇ ਆਏ ਮਹਿਮਾਨਾਂ ਦਾ ਮੈਂ ਸਵਾਗਤ ਕਰਦਾ ਹੈ। ਸਭ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਅੱਜ ਗੁਰੂ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਮਨਾ ਰਿਹਾ ਹੈ। ਖਾਲਸਾ ਪੰਥ ਦੇ ਸਿਰਜਣਹਾਰ, ਮਨੁੱਖਤਾ ਦੇ ਪਾਲਣਹਾਰ, ਭਾਰਤੀ ਕਦਰਾਂ-ਕੀਮਤਾਂ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਅਤੇ ਦੁਨੀਆ ਭਰ ‘ਚ ਸਿੱਖ ਪੰਥ ਨਾਲ ਜੁੜੇ ਅਤੇ ਭਾਰਤੀ ਸੱਭਿਆਚਾਰ ਲਈ ਸਮਰਪਿਤ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਪਿਛਲਾ ਸਾਲ ਅਸੀਂ ਗੁਰੂ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ ਸੀ। ਸਿੱਖ ਪੰਥ ਦੇ ਇਸ ਮਹੱਤਵਪੂਰਨ ਮੌਕੇ ਨੂੰ ਹੋਰ ਯਾਦਗਾਰ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਮੈਨੂੰ ਇਕ 350 ਰੁਪਏ ਦਾ ਯਾਦਗਾਰੀ ਸਿੱਕਾ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਉਂਝ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਕਾ ਸਾਡੇ ਲੋਕਾਂ ਦੇ ਦਿਲਾਂ ‘ਤੇ ਸੈਂਕੜੇ ਸਾਲਾਂ ਤੋਂ ਚਲ ਰਿਹਾ ਹੈ ਅਤੇ ਅੱਗੇ ਵੀ ਸੌ ਸਾਲਾਂ ਤਕ ਚਲਣ ਵਾਲਾ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਦਰ ਤੇ ਸ਼ਰਧਾ ਜ਼ਾਹਰ ਕਰਨ ਦਾ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਮਨੁੱਖਤਾ ਦੀ ਰੱਖਿਆ, ਧਰਮ ਦੀ ਰੱਖਿਆ ਲਈ ਉਨ੍ਹਾਂ ਦੀ ਕੁਰਬਾਨੀ ਤੋਂ ਦੇਸ਼ ਜਾਣੂ ਹੈ। ਹਜ਼ਾਰਾਂ ਦੀ ਰੱਖਿਆ ਲਈ ਆਪਣੀ ਔਲਾਦ ਦਾ ਬਲੀਦਾਨ ਉਨ੍ਹਾਂ ਨੇ ਦਿੱਤਾ। ਉੱਚ-ਨੀਚ, ਜਾਤੀਵਾਦ ਦਾ ਜ਼ਹਿਰ ਉਸ ਵਿਰੁੱਧ ਵੀ ਗੁਰੂ ਜੀ ਨੇ ਸੰਘਰਸ਼ ਕੀਤਾ। ਗੁਰੂ ਸਾਹਿਬ ਨੇ ਗਿਆਨ ਨੂੰ ਕੇਂਦਰ ‘ਚ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਨੂੰ ਜੀਵਨ ਦਾ ਮੰਤਰ ਮੰਨਿਆ। ਗੁਰੂ ਜੀ ਦਾ ਹਰ ਸ਼ਬਦ, ਹਰ ਪੰਨਾ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਣਾ ਦਿੰਦਾ ਰਹੇਗਾ। ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਵਾਲਾ ਹੈ। ਹੁਣ ਸੰਗਤ ਦੂਰਬੀਨ ਨਾਲ ਨਹੀਂ ਸਗੋਂ ਸਿੱਧੇ ਦਰਸ਼ਨ ਕਰ ਸਕੇਗੀ।