ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ/ਦੋਦਾ : ਹਲਕਾ ਭੁੱਲਥ ਤੋਂ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਐਲਾਨ ਤਾਂ ਕਰਦੀ ਹੈ ਪਰ ਉਸ ਨੂੰ ਕਦੇ ਪੂਰਾ ਨਹੀਂ ਕਰਦੀ। ਅਜਿਹਾ ਕਰਕੇ ਉਹ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ, ਜਿਸ ਦੇ ਪ੍ਰਤੀ ਚੋਣ ਕਮਿਸ਼ਨ ਨੂੰ ਸਖਤ ਹੋਣਾ ਪਵੇਗਾ। ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਮਾਘੀ ਮੇਲੇ ਦੇ ਸਬੰਧ ‘ਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀ ਏਕਤਾ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਐਲਾਨ ਦੇ ਪੱਤਰ ਪੇਸ਼ ਕਰੇਗੀ। ਉਹ ਲਿਖਤ ਤੌਰ ‘ਤੇ ਚੋਣ ਕਮਿਸ਼ਨ ਨੂੰ ਐਫੀਡੇਵਿਟ ਦੇਣਗੇ ਕਿ ਜੋ ਵਾਅਦੇ ਉਹ ਵੋਟਰਾਂ ਨਾਲ ਕਰਨ ਜਾ ਰਹੇ ਹਨ, ਜੇ ਉਨ੍ਹਾਂ ਨੇ ਪਹਿਲੇ ਦੋ ਸਾਲਾਂ ‘ਚ ਪੂਰੇ ਨਾ ਕੀਤੇ ਤਾਂ ਉਨ੍ਹਾਂ ਦੀ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ।
ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਲੈਣ ਅਤੇ ਲਿਖਤ ਤੌਰ ਵੋਟਰਾਂ ਨਾਲ ਸਮਝੌਤੇ ਕੀਤੇ ਸਨ ਪਰ ਉਨ੍ਹਾਂ ਦੇ ਵਾਅਦੇ ਮੁਤਾਬਕ 80 ਹਜ਼ਾਰ ਰੁਪਏ ਪ੍ਰਤੀ ਕਿਸਾਨ ਕਰਜ਼ ਹੀ ਮੁਆਫ਼ ਹੋਇਆ ਹੈ। ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਵਲੋਂ ਬੀਤੇ ਦਿਨੀਂ ਲਾਏ ਦੋਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਗੱਲ ਸਿੱਧ ਕਰਦੀ ਹੈ ਕਿ ਪੰਜਾਬ ‘ਚੋਂ ਅਜੇ ਤੱਕ ਨਸ਼ੇ ਖਤਮ ਨਹੀਂ ਹੋਏ, ਜਿਸ ਦਾ ਕਾਰਨ ਕੁਝ ਆਗੂ ਤੇ ਵੱਡੇ ਪੁਲਸ ਕਰਮਚਾਰੀਆਂ ਦਾ ਹੱਥ ਹੋਣਾ ਹੈ।