ਮੈਲਬਰਨ – ਭਾਰਤੀ ਕਪਤਾਨ ਵਿਰਾਟ ਕੋਹਲੀ ਟੀਚੇ ਦਾ ਪਿੱਛਾ ਕਰਦਿਆਂ ਆਪਣੇ ਇੱਕ ਹੋਰ ਸ਼ਾਨਦਾਰ ਸੈਂਕੜੇ ਦੀ ਬਦੌਲਤ ਪਲੇਅਰ ਔਫ਼ ਦਾ ਮੈਚ, ਜਿਸ ਨੂੰ ਪਹਿਲਾਂ ਮੈਨ ਔਫ਼ ਦਾ ਮੈਚ ਵੀ ਕਿਹਾ ਜਾਂਦਾ ਸੀ, ਖ਼ਿਤਾਬ ਨਾਲ ਨਵਾਜ਼ਿਆ ਗਿਆ। ਭਾਰਤ ਨੇ ਮੰਗਲਵਾਰ ਨੂੰ ਆਸਟਰੇਲੀਆ ਖ਼ਿਲਾਫ਼ ਦੂਜੇ ਵਨ ਡੇ ਵਿੱਚ ਮੇਜ਼ਬਾਨ ਟੀਮ ਦੇ 298 ਦੇ ਸਕੋਰ ਨੂੰ ਚਾਰ ਗੇਂਦਾਂ ਰਹਿੰਦਿਆਂ ਛੇ ਵਿਕਟਾਂ ਨਾਲ ਹਾਸਿਲ ਕਰ ਲਿਆ। ਵਿਰਾਟ ਨੇ ਇਸ ਜਿੱਤ ਵਿੱਚ 104 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਅਤੇ ਪਲੇਅਰ ਔਫ਼ ਦਾ ਮੈਚ ਬਣਿਆ। ਵਨ ਡੇ ਵਿੱਚ ਇਹ 31ਵਾਂ ਮੌਕਾ ਹੈ ਜਦੋਂ ਵਿਰਾਟ ਇਸ ਖ਼ਿਤਾਬ ਲਈ ਚੁਣਿਆ ਗਿਆ ਹੈ।
ਇਸ ਤਰ੍ਹਾਂ ਵਿਰਾਟ ਵਨ ਡੇ ਵਿੱਚ ਸਭ ਤੋਂ ਵੱਧ ਵਾਰ ਪਲੇਅਰ ਔਫ਼ ਦਾ ਮੈਚ ਦਾ ਖ਼ਿਤਾਬ ਹਾਸਿਲ ਕਰਨ ਦੇ ਮਾਮਲੇ ਵਿੱਚ ਵਿਸ਼ਵ ਕ੍ਰਿਕਟ ਦੇ ਤਿੰਨ ਮਹਾਨ ਖਿਡਾਰੀਆਂ ਨਾਲ ਸਾਂਝੇ ਤੌਰ ‘ਤੇ 6ਵੇਂ ਸਥਾਨ ‘ਤੇ ਆ ਗਿਆ ਹੈ। ਵਿਰਾਟ ਨੇ ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ, ਭਾਰਤ ਦੇ ਸੌਰਭ ਗਾਂਗੁਲੀ ਅਤੇ ਵਿੰਡੀਜ਼ ਦੇ ਵਿਵਿਅਨ ਰਿਚਰਡਜ਼ ਦੀ ਬਰਾਬਰੀ ਕਰ ਲਈ ਹੈ ਜਿਨ੍ਹਾਂ ਸਭ ਨੇ ਵੀ 31 ਵਾਰ ਇਹ ਖ਼ਿਤਾਬ ਜਿੱਤਿਆ। ਮੈਨ ਔਫ਼ ਦਾ ਮੈਚ ਪੁਰਸਕਾਰ ਹਾਸਿਲ ਕਰਨ ਵਿੱਚ ਵਿਰਾਟ ਤੋਂ ਅੱਗੇ ਹੁਣ ਪਾਕਿਸਤਾਨ ਦਾ ਸ਼ਾਹਿਦ ਅਫ਼ਰੀਦੀ (32), ਆਸਟਰੇਲੀਆ ਦਾ ਰਿਕੀ ਪੌਂਟਿੰਗ (32), ਦੱਖਣੀ ਅਫ਼ਰੀਕਾ ਦਾ ਜੈਕ ਕੈਲਿਸ (32), ਸ਼੍ਰੀਲੰਕਾ ਦਾ ਸਨਥ ਜੈ ਸੂਰਯਾ (48) ਅਤੇ ਭਾਰਤ ਦਾ ਸਚਿਨ ਤੇਂਦੁਲਕਰ (62) ਹਨ।