ਨਵੀਂ ਦਿੱਲੀ – ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਨੂੰ ਨਵੇਂ ਸਾਲ ਦਾ ਖ਼ੂਬਸੂਰਤ ਤੋਹਫ਼ਾ ਮਿਲਿਆ ਹੈ। ਸ਼ਰਮਾ ਦੇ ਘਰ ਕਿਲਕਾਰੀਆਂ ਗੂੰਜਣ ਦੇ ਨਾਲ ਨੰਨ੍ਹੀ ਪਰੀ ਦਾ ਸਵਾਗਤ ਹੋਇਆ ਹੈ। ਭਾਰਤੀ ਕ੍ਰਿਕਟ ‘ਚ ਵਨਡੇ ਟੀਮ ਦੇ ਉੱਪ-ਕਪਤਾਨ ਰੋਹਿਤ ਦੀ ਪਤਨੀ ਰਿਤਿਕਾ ਨੇ ਇੱਕ ਬੇਬੀ ਗਰਲ ਨੂੰ ਜਨਮ ਦਿੱਤਾ ਹੈ।
ਸੋਹੇਲ ਖ਼ਾਨ ਦੀ ਪਤਨੀ ਨੇ ਕੀਤੀ ਪੁਸ਼ਟੀ
ਇਸ ਖ਼ਬਰ ਦੀ ਪੁਸ਼ਟੀ ਸੀਮਾ ਖ਼ਾਨ ਨੇ ਆਪਣੇ ਇਨਸਟਾਗ੍ਰਾਮ ਐਕਾਊਂਟ ‘ਤੇ ਕੀਤੀ ਹੈ। ਸੀਮਾ ਖ਼ਾਨ ਰਿਤਿਕਾ ਦੀ ਕਜ਼ਨ ਹੈ। ਉਸ ਨੇ ਇਨਸਟਾਗ੍ਰਾਮ ‘ਤੇ ਇੱਕ ਸਟੋਰੀ ਪੋਸਟ ਕਰਦਿਆਂ ਕਿਹਾ ਸੀ ਕਿ ਉਹ ਮਾਸੀ ਬਣ ਗਈ ਹੈ। ਸੀਮਾ ਖ਼ਾਨ ਬੌਲੀਵੁਡ ਅਦਾਕਾਰ ਸੋਹੇਲ ਖ਼ਾਨ ਦੀ ਪਤਨੀ ਹੈ।
ਚੌਥਾ ਟੈੱਸਟ ਮੈਚ ਨਹੀਂ ਖੇਡ ਸਕੇਗਾ ਰੋਹਿਤ
ਸੂਤਰਾਂ ਮੁਤਾਬਿਕ, ਰੋਹਿਤ ਆਪਣੇ ਪਰਿਵਾਰ ਨਾਲ ਮਿਲਣ ਭਾਰਤ ਚਲਾ ਗਿਆ ਹੈ, ਅਤੇ ਇਸ ਤਰ੍ਹਾਂ ਉਹ ਤਿੰਨ ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖ਼ਰੀ ਟੈੱਸਟ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕੇਗਾ। ਭਾਰਤੀ ਕ੍ਰਿਕਟ ਟੀਮ ਵਿੱਚ ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਇਹ ਧਾਕੜ ਬੱਲੇਬਾਜ਼ ਆਸਟਰੇਲੀਆ ਦੌਰੇ ‘ਤੇ ਮਿਲੀ ਇਤਿਹਾਸਕ ਜਿੱਤ ਦਾ ਹਿੱਸਾ ਰਿਹਾ ਹੈ। ਐਡੀਲੇਡ ਅਤੇ ਮੈਲਬਰਨ ਵਿੱਚ ਮਿਲੀ ਜਿੱਤ ਵਿੱਚ ਰੋਹਿਤ ਟੀਮ ਦਾ ਹਿੱਸਾ ਰਿਹਾ ਹੈ। ਉਹ ਪਰਥ ਵਿੱਚ ਹੋਏ ਦੂਜੇ ਟੈੱਸਟ ਵਿੱਚ ਪਿੱਠ ਦੀ ਸੱਟ ਕਾਰਨ ਨਹੀਂ ਖੇਡ ਸਕਿਆ ਸੀ।
ਰੋਹਿਤ ਨੂੰ ਮਿਲੀ ਦੁੱਗਣੀ ਖ਼ੁਸ਼ੀ
ਰੋਹਿਤ ਦੀ ਪਤਨੀ ਦਾ ਜਨਮਦਿਨ ਕੁਝ ਦਿਨ ਪਹਿਲਾਂ ਹੀ ਆਇਆ ਸੀ। ਰੋਹਿਤ ਨੇ ਓਦੋਂ ਰਿਤਿਕਾ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਲਿਖਿਆ ਸੀ ਕਿ ਸਭ ਤੋਂ ਵੱਧ ਖ਼ੁਸ਼ੀ ਵਾਲਾ ਜਨਮਦਿਨ ਮੁਬਾਰਕ ਹੋਵੇ। ਨਾਲ ਹੀ ਰੋਹਿਤ ਨੇ ਮਜ਼ਾਕ ਕਰਦਿਆਂ ਕਿਹਾ ਸੀ ਕਿ ਇਹ ਇਕਲੌਤਾ ਜਨਮਦਿਨ ਹੈ ਜਿਸ ਨੂੰ ਮੈਂ ਬਿਨਾ ਕਿਸੇ ਰਿਮਾਈਂਡਰ ਦੇ ਯਾਦ ਰੱਖਿਆ ਹੈ।
ਦੱਸ ਦਈਏ ਕਿ ਰੋਹਿਤ ਨੇ ਵਨ ਡੇ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਇੰਡੀਆ ‘ਚ ਵਾਪਸੀ ਕੀਤੀ ਸੀ। ਰੋਹਿਤ ਲਈ ਸਾਲ 2018 ਬੇਹੱਦ ਸ਼ਾਨਦਾਰ ਰਿਹਾ। ਇਸ ਦੌਰਾਨ ਉਸ ਨੇ ਵਨ ਡੇ ਕ੍ਰਿਕਟ ਵਿੱਚ 73.57 ਦੀ ਔਸਤ ਨਾਲ ਕੁੱਲ 1,030 ਦੌੜਾਂ ਬਣਾਈਅਘਾਂ ਜਦਕਿ T-20 ‘ਚ ਉਸ ਦੀ ਔਸਤ 36.85 ਰਹੀ। ਭਾਰਤ ਨੇ ਬੌਕਸਿੰਗ ਡੇ ਟੈੱਸਟ ਵਿੱਚ ਜੋ ਜਿੱਤ ਹਾਸਿਲ ਕੀਤੀ ਸੀ ਉਸ ਮੈਚ ਦੀ ਪਹਿਲੀ ਪਾਰੀ ‘ਚ ਰੋਹਿਤ ਨੇ ਅਜੇਤੂ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ। ਭਾਰਤ ਨੇ ਮੈਲਬਰਨ ‘ਚ ਇਤਿਹਾਸਕ ਜਿੱਤ ਦਰਜ ਕਰ ਕੇ ਸਾਲ ਦੀ ਸ਼ਾਨਦਾਰ ਸਮਾਪਤੀ ਕੀਤੀ ਜਦਕਿ ਬੇਟੀ ਦੇ ਜਨਮ ਨੇ ਰੋਹਿਤ ਦੀ ਖ਼ੁਸ਼ੀ ਨੂੰ ਦੁਗਣਾ ਕਰ ਦਿੱਤਾ।