ਲੁਧਿਆਣਾ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ‘ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਦਰਅਸਲ ਅਕਾਲੀ ਆਗੂ ਬਿਕਰਮ ਮਜੀਠੀਆ ਵਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਦੀ ਸੁਣਵਾਈ ਲਈ ਲੁਧਿਆਣਾ ਪਹੁੰਚੇ ਸੰਜੇ ਸਿੰਘ ਨੇ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਸੰਗਠਿਤ ਰਹਿੰਦੀ ਤਾਂ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ, ਇਸ ਮੌਕੇ ਸੰਜੇ ਸਿੰਘ ਨੇ ਖਹਿਰਾ ਨੂੰ ਸਮਾਂ ਆਉਣ ‘ਤੇ ਜਵਾਬ ਦੇਣ ਦੀ ਗੱਲ ਆਖੀ ਸੀ। ਇਸ ‘ਤੇ ਖਹਿਰਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਜਿਹੜੇ ਹਾਲਾਤ ‘ਚੋਂ ਗੁਜ਼ਰ ਰਹੀ ਹੈ, ਇਸ ਲਈ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਸ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਖਹਿਰਾ ਨੇ ਕਿਹਾ ਕਿ ਪੰਜਾਬ ਇਕਾਈ ‘ਚ ਦਿੱਲੀ ਦੇ ਲੀਡਰਾਂ ਨੇ ਧਾੜਵੀਆਂ ਵਾਂਗ ਫੈਸਲੇ ਲਏ ਹਨ, ਜਿਸ ਕਾਰਨ ਅੱਜ ਇਹ ਹਾਲਤ ਹਨ।
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਕ-ਇਕ ਕਰਕੇ ਪੰਜਾਬ ਦੇ ਵੱਡੇ ਲੀਡਰਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ। ਪਾਣੀਆਂ ਦੇ ਮੁੱਦੇ ‘ਤੇ ਹੀ ‘ਆਪ’ ਨੇ ਹਮੇਸ਼ਾ ਦਿੱਲੀ ਤੇ ਹਰਿਆਣਾ ਦਾ ਪੱਖ ਪੂਰਿਆ ਹੈ। ਆਮ ਆਦਮੀ ਪਾਰਟੀ ਦੀਆਂ ਤਨਾਸ਼ਾਹੀ ਨੀਤੀਆਂ ਕਰਕੇ ਹੀ ਅੱਜ ਪੰਜਾਬ ‘ਚ ‘ਆਪ’ ਦਾ ਵਜੂਦ ਖਤਮ ਹੋਣ ਜਾ ਰਿਹਾ ਹੈ।