ਨਵੀਂ ਦਿੱਲੀ— ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ‘ਤੇ ਰੋਕ ਲਗਾਉਂਦੇ ਹੋਏ ‘ਆਪ’ ਨੇ ਦਿੱਲੀ, ਪੰਜਾਬ ਅਤੇ ਹਰਿਆਣਾ ‘ਚ ਇਕੱਲੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਕਿਹਾ,”ਅਸੀਂ ਦਿੱਲੀ, ਪੰਜਾਬ ਅਤੇ ਹਰਿਆਣਾ ‘ਚ ਇਕੱਲੇ ਹੀ ਚੋਣਾਂ ਲੜਾਂਗੇ।” ਰਾਏ ਨੇ ਕਿਹਾ,” ਜਿਸ ਤਰ੍ਹਾਂ ਕਾਂਗਰਸ ਦੇ ਨੇਤਾ ਕੈਪਟਨ ਅਮਰਿੰਦਰ ਅਤੇ ਸ਼ੀਲਾ ਦੀਕਸ਼ਤ ਦੇ ਬਿਆਨ ਆ ਰਹੇ ਹਨ, ਉਨ੍ਹਾਂ ਤੋਂ ਇਹ ਸਪੱਸ਼ਟ ਹੈ ਕਿ ਦੇਸ਼ਹਿੱਤ ਨਾਲ ਕਾਂਗਰਸ ਦਾ ਕੁਝ ਲੈਣਾ-ਦੇਣਾ ਨਹੀਂ ਹੈ ਅਤੇ ਉਸ ਲਈ ਆਪਣਾ ਹੰਕਾਰ ਸਭ ਤੋਂ ਉੱਪਰ ਹੈ।” ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਅਤੇ ਕਾਂਗਰਸ ਦੇ ਗਠਜੋੜ ਦੀ ਚਰਚਾ ਚੱਲ ਰਹੀ ਸੀ। ‘ਆਪ’ ਪਹਿਲੇ ਦਿਨ ਤੋਂ ਕਾਂਗਰਸ ਦੀ ਵਿਚਾਰਧਾਰਾ ਤੋਂ ਅਸਹਿਮਤ ਰਹੀ ਹੈ ਅਤੇ ਦਿੱਲੀ ‘ਚ ਉਸ ਦੇ 15 ਸਾਲ ਦੇ ਕੁਸ਼ਾਸਨ ਨੂੰ ਜ਼ੀਰੋ ਸੀਟ ‘ਤੇ ਲਿਆ ਕੇ ਖਤਮ ਕੀਤਾ।” ਰਾਏ ਨੇ ਦਲੀਲ ਦਿੱਤੀ ਸਿਆਸਤਦਾਨਾਂ ਦੇ ਸੁਝਾਅ ‘ਤੇ ਦੇਸ਼ ਨੂੰ ਅੱਗੇ ਰੱਖਦੇ ਹੋਏ, ਅਸੀਂ ਕਾਂਗਰਸ ਨਾਂ ਦੇ ਜ਼ਹਿਰ ਨੂੰ ਪੀਣ ਲਈ ਤਿਆਰ ਸੀ ਪਰ ਕਾਂਗਰਸ ਲਈ ਦੇਸ਼ ਤੋਂ ਅੱਗੇ ਉਸ ਦਾ ਹੰਕਾਰ ਹੈ।”
ਉਨ੍ਹਾਂ ਨੇ ਕਿਹਾ ਕਿ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਤ ਕਹਿ ਰਹੀ ਹੈ ਕਿ ਉਹ ਇਸ ਗੱਲ ਦਾ ਪ੍ਰੀਖਣ ਕਰੇਗੀ ਕਿ ਦਿੱਲੀ ਨੂੰ ਆਖਰ ਬਿਜਲੀ ਪਾਣੀ ਕਿਵੇਂ ਸਸਤਾ ਮਿਲ ਰਿਹਾ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਕਾਂਗਰਸ ਅਜੇ ਵੀ ਜਨਤਾ ਦੇ ਜਨਾਦੇਸ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਈ ਗਈ ਦੀਕਸ਼ਤ ਨੇ ‘ਆਪ’ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਲਈ 2 ਮੁੱਖ ਕਾਰਨ ਦੱਸੇ ਸਨ, ਪਹਿਲਾਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵਿਸ਼ਵਾਸ ਕਰਨ ਲਾਇਕ ਨਹੀਂ ਹਨ ਅਤੇ ਦੂਜਾ ਕਾਰਨ ‘ਆਪ’ ਵਿਧਾਇਕਾਂ ਵੱਲੋਂ ਹਾਲ ਹੀ ‘ਚ ਦਿੱਲੀ ਵਿਧਾਨ ਸਭਾ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਭਾਰਤ ਰਤਨ ਸਨਮਾਨ ਵਾਪਸ ਲੈਣ ਦਾ ਪ੍ਰਸਤਾਵ ਪਾਸ ਕਰਨਾ ਸੀ।