ਫ਼ਿਲਮ ਉੜਤਾ ਪੰਜਾਬ ਤੋਂ ਬਾਅਦ ਅਗਲੀ ਫ਼ਿਲਮ ਗੁੱਡ ਨਿਊਜ਼ ‘ਚ ਇੱਕ ਵਾਰ ਫ਼ਿਰ ਪੰਜਾਬੀਆਂ ਦਾ ਸੁਪਰਸਟਾਰ ਦਿਲਜੀਤ ਦੋਸਾਂਝ ਕਰੀਨਾ ਕਪੂਰ ਖ਼ਾਨ ਨਾਲ ਅਦਾਕਾਰੀ ਦਿਖਾਏਗਾ। ਇਸ ਬਾਰੇ ਹਾਲ ਹੀ ‘ਚ ਦਿਲਜੀਤ ਨੇ ਕਿਹਾ ਕਿ ਉਹ ਕਰੀਨਾ ਕਪੂਰ ਦਾ ਸਨਮਾਣ ਕਰਦਾ ਹੈ ਅਤੇ ਉਸ ਨੂੰ ਨਿਵੇਕਲੀ ਮੰਨਦਾ ਹੈ। ਦਿਲਜੀਤ ਨੇ ਕਿਹਾ, ”ਕਰੀਨਾ ਮੈਮ ਵੱਖਰੇ ਇਨਸਾਨ ਹਨ। ਉਨ੍ਹਾਂ ਨਾਲ ਦੂਜੀ ਵਾਰ ਫ਼ਿਲਮ ਕਰ ਰਿਹਾ ਹਾਂ। ਉਨ੍ਹਾਂ ਨਾਲ ਮੈਂ ਬੌਲੀਵੁਡ ‘ਚ ਡੈਬਿਊ ਫ਼ਿਲਮ ਕੀਤੀ ਸੀ। ਕਰੀਨਾ ‘ਚ ਬਿਲਕੁਲ ਘਮੰਡ ਨਹੀਂ। ਉਹ ਸੈੱਟ ‘ਤੇ ਆਉਂਦਿਆਂ ਹੀ ਪੇਸ਼ੇਵਰ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਹਰ ਕਿਸੇ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਹਨ। ਉਹ ਬਹੁਤ ਚੰਗੀ ਹੈ ਅਤੇ ਪ੍ਰਸ਼ੰਸਾ ਦੀ ਹੱਕਦਾਰ ਵੀ ਹੈ।”
ਫ਼ਿਲਮ ਗੁੱਡ ਨਿਊਜ਼ ‘ਚ ਅਕਸ਼ੇ ਕੁਮਾਰ, ਕਿਆਰਾ ਆਡਵਾਨੀ ਵੀ ਮੁੱਖ ਭੂਮਿਕਾ ਨਿਭਾਉਣਗੇ। ਇਹ ਇੱਕ ਕੌਮੇਡੀ ਅਤੇ ਪਰਿਵਾਰਕ ਫ਼ਿਲਮ ਹੈ। ਇਸ ‘ਚ ਅਕਸ਼ੇ ਅਤੇ ਕਰੀਨਾ ਵਿਆਹੇ ਹੋਏ ਜੋੜੇ ਦੀ ਭੂਮਿਕਾ ‘ਚ ਨਜ਼ਰ ਆਉਣਗੇ ਜੋ ਇੱਕ ਬੱਚਾ ਚਾਹੁੰਦੇ ਹਨ। ਉੱਥੇ ਹੀ ਪੰਜਾਬੀ ਜੋੜੇ ਦੀ ਭੂਮਿਕਾ ਨਿਭਾ ਰਹੇ ਦਿਲਜੀਤ ਦੋਸਾਂਝ ਅਤੇ ਕਿਆਰਾ ਵੀ ਇਹੀ ਚਾਹੁੰਦੇ ਹਨ। ਰਾਜ ਮਹਿਤਾ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 19 ਜੁਲਾਈ 2019 ਨੂੰ ਰਿਲੀਜ਼ ਹੋਵੇਗੀ।
ਇਸ ਸਾਲ ਦਿਲਜੀਤ ਦੀ ਬੌਲੀਵੁਡ ਫ਼ਿਲਮ ਸੂਰਮਾ ਰਿਲੀਜ਼ ਹੋਈ ਜੋ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਹੈ। ਇਸ ‘ਚ ਦਿਲਜੀਤ ਨਾਲ ਤਾਪਸੀ ਪਨੂੰ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਪਰਦੇ ‘ਤੇ ਕਾਮਈ ਪੱਖੋਂ ਠੀਕ ਰਹੀ ਹੈ। ਵੈਸੇ, ਦਿਲਜੀਤ ਦੋਸਾਂਝ ਬਹੁਤ ਜਲਦ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਭਿਨੇਤਰੀ ਨੀਰੂ ਬਾਜਵਾ ਨਾਲ ਵੀ ਪੰਜਾਬੀ ਫ਼ਿਲਮ ਛੜਾ ‘ਚ ਨਜ਼ਰ ਆਵੇਗਾ। ਪੰਜਾਬੀ ਦਰਸ਼ਕਾਂ ‘ਚ ਇਹ ਜੋੜੀ ਬੇਹੱਦ ਪਸੰਦ ਕੀਤੀ ਜਾਂਦੀ ਹੈ। ਇਸ ਜੋੜੀ ਨੇ ਹੁਣ ਤਕ ਕਈ ਹਿੱਟ ਫ਼ਿਲਮਾਂ ਪੌਲੀਵੁਡ ਨੂੰ ਦਿੱਤੀਆਂ ਹਨ।