ਵਾਸ਼ਿੰਗਟਨ— ਸ. ਗੁਰਿੰਦਰ ਸਿੰਘ ਖਾਲਸਾ ਹੁਣ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ, ਉਨ੍ਹਾਂ ਨੇ 2007 ‘ਚ ਦਸਤਾਰ ਲਈ ਜੋ ਲੜਾਈ ਸ਼ੁਰੂ ਕੀਤੀ, ਉਸ ‘ਚ ਜਿੱਤ ਹਾਸਲ ਕੀਤੀ ਅਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਸ. ਗੁਰਿੰਦਰ ਸਿੰਘ ਖਾਲਸਾ ਨੂੰ ‘ਰੋਜ਼ਾ ਪਾਰਕ ਟ੍ਰੇਲਬਲੇਜ਼ਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਆਪਣੇ-ਆਪ ‘ਚ ਵੱਡੀ ਪ੍ਰਾਪਤੀ ਹੈ। 45 ਸਾਲਾ ਖਾਲਸਾ ਨੂੰ ਉਨ੍ਹਾਂ ਵਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਸਨਮਾਨਿਤ ਕੀਤਾ ਗਿਆ ਹੈ।
ਇਹ ਸੀ ਮਾਮਲਾ—
ਸਾਲ 2007 ‘ਚ ਅਮਰੀਕੀ ਜਹਾਜ਼ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਕਿਹਾ ਸੀ। ਖਾਲਸਾ ਨੇ ਦਸਤਾਰ ਦੀ ਧਾਰਮਿਕ ਅਹਿਮੀਅਤ ਨੂੰ ਸਮਝਦਿਆਂ ਦਸਤਾਰ ਨਾ ਉਤਾਰਨ ਦੀ ਗੱਲ ਆਖੀ, ਇਸ ਦੌਰਾਨ ਉਨ੍ਹਾਂ ਦੀ ਅਧਿਕਾਰੀਆਂ ਨਾਲ ਲੰਬੀ ਬਹਿਸ ਵੀ ਹੋਈ ਅਤੇ ਅਖੀਰ ਖਾਲਸਾ ਨੇ ਜਹਾਜ਼ ਨਾ ਚੜ੍ਹਨ ਦਾ ਫੈਸਲਾ ਲਿਆ।
ਹਵਾਈ ਅੱਡੇ ‘ਤੇ ਬਿਨਾਂ ਦਸਤਾਰ ਉਤਾਰੇ ਜਹਾਜ਼ ‘ਚ ਦਾਖਲ ਹੋਣ ਵਾਲੀ ਜੰਗ ਦਾ ਬਿਗੁਲ ਇੱਥੋਂ ਹੀ ਵੱਜਾ ਸੀ। ਉਨ੍ਹਾਂ ਨੂੰ ਦਸਤਾਰ ਦੀ ਸ਼ਾਨ ਲਈ ਲੰਬੇ ਸਮੇਂ ਤਕ ਲੜਾਈ ਕਰਨੀ ਪਈ ਪਰ ਉਹ ਕਦੇ ਝੁਕੇ ਨਹੀਂ।
ਅਮਰੀਕਾ ਨੇ ਬਦਲਿਆ ਨਿਯਮ—
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਖਾਲਸਾ ਇਸ ਗੱਲ ਦੇ ਹੱਕ ‘ਚ 20,000 ਲੋਕਾਂ ਦਾ ਸਮਰਥਨ ਪ੍ਰਾਪਤ ਕਰ ਸਕਦੇ ਹਨ ਤਾਂ ਉਹ ਆਪਣੇ ਨਿਯਮਾਂ ‘ਚ ਬਦਲਾਅ ਕਰਨਗੇ ਤਾਂ ਕਿ ਅੱਗੇ ਤੋਂ ਕਿਸੇ ਦਸਤਾਰਧਾਰੀ ਨੂੰ ਹਵਾਈ ਅੱਡੇ ‘ਤੇ ਪ੍ਰੇਸ਼ਾਨੀ ਨਾ ਸਹਿਣ ਕਰਨੀ ਪਵੇ। ਖਾਲਸਾ ਦੀ ਹਿਮਾਇਤ ‘ਚ 67,000 ਤੋਂ ਵੀ ਵੱਧ ਲੋਕ ਨਿੱਤਰੇ, ਜਿਸ ਨੂੰ ਦੇਖ ਹਰ ਕੋਈ ਹੈਰਾਨ ਸੀ। ਇਸ ਮਗਰੋਂ ਅਮਰੀਕੀ ਹਵਾਈ ਅੱਡਿਆਂ ਨੂੰ ਨਿਯਮਾਂ ‘ਚ ਬਦਲਾਅ ਕਰਨਾ ਪਿਆ। ਹੁਣ ਸਿੱਖ ਬਿਨਾਂ ਦਸਤਾਰ ਉਤਾਰੇ ਜਹਾਜ਼ ‘ਚ ਸਫਰ ਕਰ ਸਕਦੇ ਹਨ। ਹਰਿਆਣੇ ਦੇ ਜ਼ਿਲੇ ਅੰਬਾਲਾ ਦੇ ਪਿੰਡ ਅਧੋਈ ‘ਚ ਰਹਿਣ ਵਾਲੇ ਖਾਲਸਾ ਦੀ ਇਸ ਬਹਾਦਰੀ ਅਤੇ ਲਗਾਤਾਰ ਚਲਾਈ ਮੁਹਿੰਮ ਨੇ ਸਾਰੇ ਵਿਸ਼ਵ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਹੁਣ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ ਹੈ ,ਜਿਸ ਕਾਰਨ ਸਮੁੱਚੀ ਸਿੱਖ ਕੌਮ ‘ਚ ਖੁਸ਼ੀ ਦੀ ਲਹਿਰ ਹੈ।