ਨਵੀਂ ਦਿੱਲੀ – BCCI ਨੇ ਆਸਟਰੇਲੀਆਈ ਧਰਤੀ ‘ਤੇ ਪਹਿਲੀ ਟੈੱਸਟ ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ਦੇ ਪਲੇਇੰਗ ਇਲੈਵਨ ਮੈਂਬਰਾਂ ਲਈ ਹਰੇਕ ਮੈਚ ਲਈ 15-15 ਲੱਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ। ਵਿਰਾਟ ਕੋਹਲੀ ਐਂਡ ਕੰਪਨੀ ਨੇ ਚਾਰ ਮੈਚਾਂ ਦੀ ਟੈੱਸਟ ਸੀਰੀਜ਼ ‘ਚ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਇਹ ਉਪਲਬਧੀ ਹਾਸਿਲ ਕੀਤੀ ਜਿਸ ਨਾਲ ਭਾਰਤ ਦੀ 71 ਸਾਲ ਦੀ ਉਡੀਕ ਖ਼ਤਮ ਹੋਈ। ਟੀਮ ਨੂੰ ਵਧਾਈ ਦਿੰਦਿਆਂ BCCI ਨੇ ਸਾਰੇ ਰਿਜ਼ਰਵ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੇ ਮੈਂਬਰਾਂ ਲਈ ਵੀ ਨਕਦ ਪੁਰਸਕਾਰ ਦਾ ਐਲਾਨ ਕੀਤਾ।
BCCI ਨੇ ਇੱਕ ਪ੍ਰੈੱਸ ਰਿਲੀਜ਼ ‘ਚ ਕਿਹਾ, ”ਇਹ ਬੋਨਸ ਰਾਸ਼ੀ ਮੈਚ ਵਿੱਚ ਮਿਲਣ ਵਾਲੀ ਫ਼ੀਸ ਦੇ ਬਰਾਬਰ ਹੋਵੇਗੀ ਜੋ ਪਲੇਇੰਗ ਇਲੈਵਨ ‘ਚ ਖੇਡਣ ਲਈ ਹਰੇਕ ਮੈਚ ‘ਚ 15-15 ਲੱਖ ਰੁਪਏ ਹੈ ਅਤੇ ਮੈਚ ਦੇ ਰਿਜ਼ਰਵ ਖਿਡਾਰੀਆਂ ਨੂੰ ਸਾਢੇ ਸੱਤ ਲੱਖ ਰੁਪਏ ਹਨ। ਸਾਰੇ ਕੋਚਾਂ ਨੂੰ 25-25 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ ਜਦਕਿ ਕੋਚਿੰਗ ਨਹੀਂ ਦੇਣ ਵਾਲੇ ਸਹਿਯੋਗੀ ਸਟਾਫ਼ ਨੂੰ ਵੀ ਬੋਨਸ ਮਿਲੇਗਾ ਜੋ ਉਨ੍ਹਾਂ ਦੀ ਤਨਖ਼ਾਹ ਅਤੇ ਪੇਸ਼ੇਵਰ ਫ਼ੀਸ ਦੇ ਬਰਾਬਰ ਹੋਵੇਗਾ। ਭਾਰਤ ਨੇ ਐਡੀਲੇਡ ‘ਚ ਪਹਿਲੇ ਅਤੇ ਮੈਲਬਰਨ ‘ਚ ਤੀਜੇ ਟੈੱਸਟ ਵਿੱਚ ਜਿੱਤ ਦਰਜ ਕੀਤੀ ਸੀ ਜਦਕਿ ਮੇਜ਼ਬਾਨ ਟੀਮ ਪਰਥ ਵਿੱਚ ਹੋਏ ਦੂਜੇ ਮੈਚ ਨੂੰ ਆਪਣੇ ਨਾਂ ਕਰਨ ‘ਚ ਸਫ਼ਲ ਰਹੀ ਸੀ। ਸਿਡਨੀ ‘ਚ ਚੌਥਾ ਅਤੇ ਆਖ਼ਰੀ ਮੈਚ ਖ਼ਰਾਬ ਮੌਸਮ ਦੀ ਭੇਂਟ ਚੜ੍ਹਨ ਕਾਰਨ ਡਰਾਅ ਰਿਹਾ ਸੀ।