ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਕੁਲਗਾਮ ਅਤੇ ਸ਼ੋਪੀਆਂ ‘ਚ ਸੋਮਵਾਰ ਨੂੰ ਦੂਜੇ ਦਿਨ ਵੀ ਜਨਜੀਵਨ ਪ੍ਰਭਾਵਿਤ ਰਿਹਾ। ਪੁਲਸ ਬੁਲਾਰੇ ਨੇ ਕਿਹਾ ਕਿ ਰਾਜ ਦੇ ਦੱਖਣੀ ਹਿੱਸੇ ‘ਚ ਕਿਤੇ ਕੋਈ ਰੋਕ-ਟੋਕ ਨਹੀਂ ਹੈ। ਕੁਲਗਾਮ ਅਤੇ ਸ਼ੋਪੀਆਂ ‘ਚ ਅੱਜ ਦੁਕਾਨਾਂ ਅਤੇ ਵਪਾਰਕ ਸਥਾਨ ਬੰਦ ਰਹੇ। ਹਾਲਾਂਕਿ ਕੁਲਗਾਮ ‘ਚ ਕੁਝ ਦੁਕਾਨਾਂ ਖੁੱਲ੍ਹੀਆਂ ਵੀ ਦੇਖੀਆਂ ਗਈਆਂ ਤੇ ਸੜਕਾਂ ਤੇ ਆਵਾਜਾਈ ਬੰਦ ਰਹੀ।
ਕੁਲਗਾਮ ਤੇ ਸ਼ੋਪੀਆਂ ‘ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਮੁਕਾਬਲੇ ‘ਚ ਅੱਤਵਾਦੀ ਸੰਗਠਨ ਅਲ-ਬਦਰ ਦੇ ਸਿਖਰ ਕਮਾਂਡਰ ਜੀਨਤ-ਉਲ-ਇਸਲਾਮ ਸਮੇਤ ਦੋ ਅੱਤਵਾਦੀ ਮਾਰੇ ਗਏ ਸਨ। ਜੀਨਤ-ਉਲ-ਇਸਲਾਮ ਸ਼ੋਪੀਆਂ ਦੇ ਸੁਗਨ ਪਿੰਡ ਦਾ ਨਿਵਾਸੀ ਸੀ। ਪ੍ਰਸ਼ਾਸਨ ਨੇ ਐਤਵਾਰ ਨੂੰ ਬੰਦ ਕੀਤੀ ਟਰੇਨ ਸੇਵਾ ਨੂੰ ਸੋਮਵਾਰ ਨੂੰ ਬਹਾਲ ਕਰ ਦਿੱਤਾ। ਅਫਵਾਹਾਂ ਤੋਂ ਬਚਣ ਲਈ ਸਾਵਧਾਨੀ ਦੇ ਤੌਰ ‘ਤੇ ਮੋਬਾਇਲ ਇੰਟਰਨੈੱਟ ਸੇਵਾਵਾਂ ਅਜੇ ਵੀ ਬੰਦ ਹਨ।