ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਗੁੰਜਨ ਸਕਸੈਨਾ ਦੇ ਜੀਵਨ ‘ਤੇ ਕਰਨ ਜੌਹਰ ਫ਼ਿਲਮ ਬਣਾ ਰਿਹਾ ਹੈ। ਇਸ ਬਾਇਓਪਿਕ ‘ਚ ਗੁੰਜਨ ਦਾ ਕਿਰਦਾਰ ਧੜਕ ਫ਼ਿਲਮ ਨਾਲ ਡੈਬਿਓ ਕਰਨ ਵਾਲੀ ਜਾਨ੍ਹਵੀ ਕਪੂਰ ਨਿਭਾ ਰਹੀ ਹੈ। ਗੁੰਜਨ ਨੇ ਕਾਰਗਿਲ ਜੰਗ ‘ਚ ਬਤੌਰ ਪਾਇਲਟ ਅਹਿਮ ਯੋਗਦਾਨ ਪਾਇਆ ਸੀ …
ਫ਼ਿਲਮ ਧੜਕ ਨਾਲ ਬੌਲੀਵੁਡ ‘ਚ ਡੈਬਿਊ ਕਰਨ ਵਾਲੀ ਅਦਾਕਾਰਾ ਜਾਨ੍ਹਵੀ ਕਪੂਰ ਜਲਦੀ ਹੀ ਕਰਨ ਜੌਹਰ ਦੀ ਵੱਡੇ ਬਜਟ ਵਾਲੀ ਫ਼ਿਲਮ ਤਖ਼ਤ ਵਿੱਚ ਨਜ਼ਰ ਆਵੇਗੀ। ਜਾਨ੍ਹਵੀ ਨੇ ਆਪਣੀ ਦੂਸਰੀ ਫ਼ਿਲਮ ਦੀ ਜਗ੍ਹਾ ਤੀਸਰੀ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਸ਼ੁਰੂ ਕਰ ਦਿੱਤੀ ਹੈ। ਜਾਨ੍ਹਵੀ ਦੀ ਤੀਸਰੀ ਫ਼ਿਲਮ ਗੁੰਜਨ ਸਕਸੈਨਾ ਦੀ ਬਾਇਓਪਿਕ ਹੈ ਜੋ 1999 ਦੀ ਜੰਗ ਦੌਰਾਨ ਕਾਰਗਿਲ ‘ਚ ਤਾਇਨਾਤ ਸੀ।
ਮਹਿਲਾ ਪਾਇਲਟ ਵਾਲੀ ਜਾਨ੍ਹਵੀ ਦੀ ਦਿੱਖ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਗੁੰਜਨ ਸਕਸੈਨਾ ਨੂੰ ਭਾਰਤ ਦੀ ਪਹਿਲੀ ਲੜਾਕੂ ਮਹਿਲਾ ਪਾਇਲਟ ਹੋਣ ਦਾ ਮਾਣ ਹਾਸਿਲ ਹੈ। ਕਾਰਗਿਲ ਜੰਗ ਦੌਰਾਨ ਉਸ ਨੇ ਜ਼ਖ਼ਮੀ ਭਾਰਤੀ ਫ਼ੌਜੀਆਂ ਨੂੰ ਬਚਾਉਣ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ। ਇਸ ਦਲੇਰਾਨਾ ਕਾਰਨਾਮੇ ਲਈ ਗੁੰਜਨ ਸਕਸੈਨਾ ਨੂੰ ਸ਼ੈਰੌਫ਼ ਵੀਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੈ।
ਸੋਸ਼ਲ ਮੀਡੀਆ ‘ਤੇ ਗੁੰਜਨ ਸਕਸੈਨਾ ਦੇ ਕਿਰਦਾਰ ‘ਚ ਵਾਇਰਲ ਹੋ ਰਹੀ ਤਸਵੀਰ ਵਿੱਚ ਜਾਨ੍ਹਵੀ ਬਿਲਕੁਲ ਉਸ ਵਰਗੀ ਲੱਗ ਰਹੀ ਹੈ। ਇਸ ਬਾਇਓਪਿਕ ਫ਼ਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਿਹਾ ਹੈ। ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਸ਼ੁਰੂ ਹੋ ਜਾਵੇਗੀ। ਦੂਜੇ ਪਾਸੇ, ਇਸ ਤਸਵੀਰ ਦੇ ਵਾਇਰਲ ਹੋਣ ਤੋਂ ਕਿਆਫ਼ੇ ਲਗਾਏ ਜਾ ਰਹੇ ਹਨ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਾਨ੍ਹਵੀ ਕਰਨ ਜੌਹਰ ਦੀ ਫ਼ਿਲਮ ਤਖ਼ਤ ਵੀ ਸਾਈਨ ਕਰ ਚੁੱਕੀ ਹੈ। ਇਸ ਫ਼ਿਲਮ ਵਿੱਚ ਉਸ ਨਾਲ ਰਣਵੀਰ ਸਿੰਘ, ਆਲੀਆ ਭੱਟ, ਕਰੀਨਾ ਕਪੂਰ, ਭੂਮੀ ਪੇਡਨੇਕਰ ਅਤੇ ਅਨਿਲ ਕਪੂਰ ਹੋਣਗੇ।