ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਹੀ ਵਿਧਾਇਕਾਂ ਦੀ ਨਾਰਾਜ਼ਗੀ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਲਵਾ ਦੇ ਵਿਧਾਇਕਾਂ ਨਾਲ ਲਈ ਗਈ ਮੀਟਿੰਗ ਵਿਚ ਨਾਭਾ ਤੋਂ ਪਾਰਟੀ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਫਿਰ ਤਿੱਖੇ ਤੇਵਰ ਦੇਖਣ ਨੂੰ ਮਿਲੇ। ਮੀਟਿੰਗ ਵਿਚ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਉਹ ਲਗਭਗ 8 ਮਹੀਨਿਆਂ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ। ਰਣਦੀਪ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਚੰਗੇ ਪ੍ਰਸ਼ਾਸਕ ਹਨ ਪਰ ਉਨ੍ਹਾਂ ਨਾਲ ਸਹਿਜੇ ਮੁਲਾਕਾਤ ਨਹੀਂ ਕੀਤੀ ਜਾ ਸਕਦੀ। ਨਾਭਾ ਨੇ ਕਿਹਾ ਕਿ ਇਸ ਗੱਲ ਦਾ ਜ਼ਿਕਰ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਕਰ ਚੁੱਕੇ ਹਨ ਕਿ ਅਪ੍ਰੈਲ ਮਹੀਨੇ ‘ਚ ਪੰਜਾਬ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਮੁੱਖ ਮੰਤਰੀ ਨਾਲ ਉਨ੍ਹਾਂ ਨੂੰ ਮੁਲਾਕਾਤ ਹੀ ਨਸੀਬ ਨਹੀਂ ਹੋ ਸਕੀ।
ਇਥੇ ਹੀ ਬਸ ਨਹੀਂ ਕਈ ਮੰਤਰੀਆਂ, ਵਿਧਾਇਕਾਂ ਤੇ ਅਫਸਰਾਂ ‘ਚ ਮੁੱਖ ਮੰਤਰੀ ਖਿਲਾਫ ਰੋਹ ਦੇਖਣ ਨੂੰ ਮਿਲਿਆ। ਜ਼ਿਆਦਾਤਰ ਵਿਧਾਇਕਾਂ ਨੇ ਪਾਰਟੀ ਵਲੋਂ ਕੁਲਬੀਰ ਜ਼ੀਰਾ ਦੀ ਮੁਅੱਤਲੀ ਦੇ ਫੈਸਲੇ ਨੂੰ ਵੀ ਗਲਤ ਕਰਾਰ ਦਿੱਤਾ। ਵਿਧਾਇਕਾਂ ਨੇ ਕਿਹਾ ਕਿ ਜ਼ੀਰਾ ਵਲੋਂ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ ਹੈ ਅਤੇ ਉਨ੍ਹਾਂ ਖਿਲਾਫ ਕਾਰਵਾਈ ਨਾਲ ਪਾਰਟੀ ‘ਚ ਬਗਾਵਤ ਉੱਠ ਸਕਦੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਵੀਰਵਾਰ ਨੂੰ ਦੋਆਬਾ ਦੇ ਵਿਧਾਇਕਾਂ ਨਾਲ ਹੋਈ ਮੀਟਿੰਗ ਵਿਚ ਵੀ ਤਣਾਅ ਦੇਖਣ ਮਿਲਿਆ ਸੀ। ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਮੁੱਖ ਮੰਤਰੀ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵਿਚ ਵੀ ਗਹਿਮਾ-ਗਹਿਮੀ ਹੋ ਗਈ ਸੀ। ਰਾਣਾ ਗੁਰਜੀਤ ਨੇ ਤਾਂ ਸੁਰੇਸ਼ ਅਰੋੜਾ ਨੂੰ ਸਮਾਂ ਆਉਣ ‘ਤੇ ਦੇਖ ਲੈਣ ਤਕ ਦੀ ਗੱਲ ਵੀ ਆਖ ਦਿੱਤੀ ਸੀ।