ਬੌਲੀਵੁਡ ਦੀ ਪਹਿਲੀ ਸੁਪਰਹੀਰੋ ਫ਼ਿਲਮ ਸੀਰੀਜ਼ ਕ੍ਰਿਸ਼ ਦੇ 4 ਭਾਗ ਦੇ ਬਣਨ ਦਾ ਐਲਾਨ ਕਾਫ਼ੀ ਸਮਾਂ ਪਹਿਲਾਂ ਹੋ ਗਿਆ ਸੀ। ਮਸ਼ਹੂਰ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਨੇ ਕਿਹਾ ਸੀ ਕਿ ਉਹ ਕ੍ਰਿਸ਼ 4 2020 ‘ਚ ਰਿਲੀਜ਼ ਕਰੇਗਾ। ਇਹ ਵੀ ਕਿਹਾ ਗਿਆ ਸੀ ਕਿ ਉਹ ਇਸ ਸੀਰੀਜ਼ ਦੇ ਦੋ ਭਾਗ ਇਕੱਠੇ ਬਣਾਏਗਾ। ਹੁਣ ਇਸ ਨਵੇਂ ਸਾਲ ‘ਤੇ ਇਹ ਫ਼ਿਲਮ ਮੁੜ ਚਰਚਾ ‘ਚ ਆ ਗਈ ਹੈ। ਇਸ ਸੀਰੀਜ਼ ਦੇ 2 ਤੇ 3 ਭਾਗਾਂ ‘ਚ ਪ੍ਰਿਅੰਕਾ ਚੋਪੜਾ ਨੇ ਰਿਤਿਕ ਰੌਸ਼ਨ ਨਾਲ ਜੋੜੀ ਬਣਾਈ ਸੀ, ਪਰ ਹੁਣ ਪ੍ਰਿਅੰਕਾ ਦਾ ਵਿਆਹ ਹੋ ਚੁੱਕਾ ਹੈ। ਸੂਤਰਾਂ ਮੁਤਾਬਿਕ ਉਸ ਨੂੰ ਹੁਣ ਬੌਲੀਵੁਡ ਫ਼ਿਲਮਾਂ ‘ਚ ਪਹਿਲਾਂ ਵਾਂਗ ਰੂਚੀ ਨਹੀਂ ਰਹੀ। ਇਸ ਲਈ ਉਸ ਦਾ ਹੁਣ ਭਾਰਤੀ ਫ਼ਿਲਮਾਂ ‘ਚ ਕੰਮ ਕਰ ਪਾਉਣਾ ਮੁਸ਼ਕਿਲ ਹੈ।
ਜਾਣਕਾਰੀ ਮਿਲੀ ਹੈ ਕਿ ਰਾਕੇਸ਼ ਰੌਸ਼ਨ ਆਪਣੇ ਬੇਟੇ ਰਿਤਿਕ ਦੀ ਇਸ ਫ਼ਿਲਮ ਲਈ ਨਵੀਂ ਹੀਰੋਇਨ ਲੱਭ ਰਿਹਾ ਹੈ। ਹਾਲ ਹੀ ‘ਚ ਕ੍ਰਿਤੀ ਨੂੰ ਰਾਕੇਸ਼ ਰੌਸ਼ਨ ਦੇ ਦਫ਼ਤਰ ‘ਚ ਵੇਖਿਆ ਗਿਆ ਸੀ ਜਿਸ ਤੋਂ ਬਾਅਦ ਚਰਚਾ ਚੱਲ ਪਈ ਕਿ ਉਹ ਕ੍ਰਿਸ਼-4 ‘ਚ ਲੀਡ ਹੀਰੋਇਨ ਦੇ ਕਿਰਦਾਰ ‘ਚ ਨਜ਼ਰ ਆ ਸਕਦੀ ਹੈ। ਕ੍ਰਿਤੀ ਤੋਂ ਪਹਿਲਾਂ ਯਾਮੀ ਗੌਤਮ ਦਾ ਨਾਂ ਚਰਚਾ ਵਿੱਚ ਸੀ, ਪਰ ਹੁਣ ਯਾਮੀ ਦੀ ਜਗ੍ਹਾ ਕ੍ਰਿਤੀ ਨੂੰ ਲਏ ਜਾਣ ਦੀ ਉਮੀਦ ਜ਼ਿਆਦਾ ਹੈ। ਉਹ ਫ਼ਿਲਮ ‘ਚ ਪ੍ਰਿਅੰਕਾ ਵਾਲੇ ਕਿਰਦਾਰ ਨੂੰ ਹੀ ਅੱਗੇ ਨਿਭਾਏਗੀ।
ਸੂਤਰਾਂ ਮੁਤਾਬਿਕ ਕ੍ਰਿਸ਼-4 ਦੀ ਕਹਾਣੀ ‘ਚ ਨਵਾਂ ਮੌੜ ਦਿੱਤਾ ਜਾਵੇਗਾ ਤਾਂ ਜੋ ਪ੍ਰਿਅੰਕਾ ਦੀ ਕਮੀ ਮਹਿਸੂਸ ਨਾ ਹੋਵੇ। ਜੇ ਕ੍ਰਿਤੀ ਸੈਨਨ ਨੂੰ ਇਹ ਫ਼ਿਲਮ ਮਿਲਦੀ ਹੈ ਤਾਂ ਇਹ ਉਸ ਦੇ ਕਰੀਅਰ ਨੂੰ ਹੋਰ ਉੱਚਾ ਚੱਕੇਗੀ। ਫ਼ਿਲਹਾਲ ਤਾਂ ਕ੍ਰਿਤੀ ਨੇ ਇਸ ਫ਼ਿਲਮ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ। ਵੈਸੇ ਇਸ ਸਾਲ ਕ੍ਰਿਤੀ ਦੀਆਂ ਚਾਰ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਜਿਨ੍ਹਾਂ ‘ਚ ਅਰਜੁਨ ਪਟਿਆਲਾ, ਹਾਊਸਫ਼ੁੱਲ-4, ਪਾਨੀਪਤ, ਆਦਿ ਸ਼ਾਮਿਲ ਹਨ।