ਕਿਹਾ-ਮੈਂ ਆਪਣੇ ਸੂਬੇ ਤੇ ਪਾਰਟੀ ਦਾ ਵਫ਼ਾਦਾਰ ਅਤੇ ਤੁਸੀਂ ਸਿਰਫ ਆਪਣੇ ਸੌੜੇ ਹਿੱਤਾਂ ਦੇ
ਸਿਆਸੀ ਹਿੱਤਾਂ ਲਈ ਧਰਮ ਦਾ ਸ਼ੋਸ਼ਣ ਕਰਨ ਦੇ ਯਤਨਾਂ ਲਈ ਬਾਦਲਾਂ ਦੀ ਸਖ਼ਤ ਆਲੋਚਨਾ
ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਵੱਲੋਂ ਉਨ੍ਹਾਂ ਦੀ ਵਫ਼ਾਦਾਰੀ ‘ਤੇ ਚੁੱਕੇ ਸਵਾਲ ਦੀ ਸਖ਼ਤ ਆਲੋਚਨਾ ਕਰਦਿਆਂ ਆਖਿਆ ਕਿ ਉਹ ਆਪਣੇ ਸੂਬੇ ਅਤੇ ਆਪਣੀ ਪਾਰਟੀ ਦੇ ਵਫ਼ਾਦਾਰ ਹਨ ਜਦਕਿ ਕੇਂਦਰੀ ਮੰਤਰੀ ਸਮੇਤ ਸਾਰਾ ਬਾਦਲ ਪਰਿਵਾਰ ਨਿੱਜਪ੍ਰਸਤੀ ਵਿੱਚ ਗਲਤਾਨ ਹੈ।
ਵਾਰ-ਵਾਰ ਝੂਠ ਬੋਲਣ ‘ਤੇ ਅਕਾਲੀ ਲੀਡਰਸ਼ਿਪ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਅਤੇ ਬਾਦਲਾਂ ਲਈ ਨਾ ਤਾਂ ਪੰਜਾਬ ਤੇ ਇੱਥੋਂ ਦੇ ਲੋਕ ਅਤੇ ਨਾ ਹੀ ਸਿੱਖ ਪੰਥ ਕੋਈ ਮਹੱਤਵ ਰੱਖਦਾ ਹੈ ਜਦਕਿ ਅਕਾਲੀ ਅਕਸਰ ਇਨ੍ਹਾਂ ਦੇ ਰਖਵਾਲੇ ਹੋਣ ਦਾ ਢੰਡੋਰਾ ਪਿੱਟਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸਿਰਫ ਤੇ ਸਿਰਫ ਆਪਣੇ ਸੌੜੇ ਹਿੱਤਾਂ ਨਾਲ ਹੀ ਵਫ਼ਾਦਾਰੀ ਪੁਗਾਉਂਦਾ ਆਇਆ ਹੈ।
ਕੇਂਦਰੀ ਮੰਤਰੀ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਦੱਸ ਕੇ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਨਿਰਸੰਦੇਹ ਹੈ ਅਤੇ ਉਹ ਕਾਂਗਰਸ ਦੇ ਵੀ ਪੂਰੇ ਵਫ਼ਾਦਾਰ ਹਨ ਜਿਸ ਪਾਰਟੀ ਦੀ ਸਰਕਾਰ ਦੀ ਉਹ ਸੂਬੇ ਵਿੱਚ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ,”ਪਰ ਤੁਹਾਡੀ (ਹਰਸਿਮਰਤ ਕੌਰ) ਪਾਰਟੀ ਦੀ ਵਫ਼ਾਦਾਰੀ ‘ਤੇ ਜਿੱਥੇ ਤੁਹਾਡੇ ਪਾਰਟੀ ਮੈਂਬਰਾਂ ਨੇ ਉਂਗਲ ਚੁੱਕੀ ਹੈ ਸਗੋਂ ਪੰਜਾਬ ਦੇ ਲੋਕਾਂ ਨੇ ਵੀ ਤੁਹਾਡੀ ਪਾਰਟੀ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ ਜਿਨ੍ਹਾਂ ਦਾ ਜੀਵਨ ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਬੇਰਹਿਮੀ ਨਾਲ ਤਬਾਹ ਕਰ ਦਿੱਤਾ ਗਿਆ।”
ਮੁੱਖ ਮੰਤਰੀ ਅਤੇ ਸੂਬਾ ਸਰਕਾਰ ਖਿਲਾਫ਼ ਹਰਸਿਮਰਤ ਕੌਰ ਦੇ ਦੋਸ਼ਾਂ ‘ਤੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਇਹ ਦੋਸ਼ ਆਧਾਰਹੀਣ ਅਤੇ ਬੇਬੁਨਿਆਦ ਹਨ ਜਿਨ੍ਹਾਂ ਦਾ ਉਦੇਸ਼ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਹਾਸਲ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਵੀ ਬਾਦਲ ਪਰਿਵਾਰ ਦੇ ਦੂਜੇ ਮੈਂਬਰਾਂ ਵਾਂਗ ਧੋਖਾ ਅਤੇ ਫਰੇਬ ਦੀ ਕਲਾ ਦੀ ਉਸਤਾਦ ਹੈ ਅਤੇ ਪੰਜਾਬ ਦੇ ਲੋਕਾਂ ਵੱਲੋਂ ਉਸ ਦੀ ਪਾਰਟੀ ਅਤੇ ਸਿਆਸਤ ਨੂੰ ਮੂੰਧੇ ਮੂੰਹ ਸੁੱਟ ਦਿੱਤੇ ਜਾਣ ਤੋਂ ਬਾਅਦ ਵੀ ਉਸ ਨੇ ਝੂਠੀਆਂ ਅਤੇ ਮਨਘੜਤ ਗੱਲਾਂ ਦੀ ਲੜੀ ਜਾਰੀ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਛੇਤੀ ਹੋਣ ਜਾ ਰਹੀਆਂ ਸੰਸਦੀ ਚੋਣਾਂ ਵਿੱਚ ਆਪਣੀ ਸਪੱਸ਼ਟ ਹਾਰ ਦਿੱਸਦੀ ਹੋਣ ਕਰਕੇ ਅਕਾਲੀ ਹੁਣ ਬੁਖਲਾ ਗਏ ਹਨ।
ਸਾਲ 2017 ਦੀਆਂ ਵਿਧਾਨ ਸਭ ਚੋਣਾਂ ਤੋਂ ਲੈ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਇਕ ਤੋਂ ਬਾਅਦ ਇਕ ਸ਼ਾਨਦਾਰ ਜਿੱਤ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਉਸ (ਹਰਸਿਮਰਤ ਕੌਰ) ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ਾਜਨਕ ਕੋਸ਼ਿਸ਼ ਕਰਕੇ ਅਕਾਲੀ ਖੁਦ ਮਜ਼ਾਕ ਦੇ ਪਾਤਰ ਬਣ ਰਹੇ ਹਨ ਜਦਕਿ ਲੋਕਾਂ ਦਾ ਸੂਬੇ ਦੀ ਕਾਂਗਰਸ ਸਰਕਾਰ ਵਿੱਚ ਪੂਰਨ ਵਿਸ਼ਵਾਸ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਆਪਣੀ ਨਿਰਾਸ਼ਾ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਸ ਨੇ ਆਪਣੇ ਬਿਆਨ ਵਿੱਚ ਅਣਜਾਣੇ ਹੀ ਇਸ ਗੱਲ ਨੂੰ ਸਹਿਮਤੀ ਦੇ ਦਿੱਤੀ ਹੈ ਕਿ ਕੇਂਦਰ ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਫੰਡ ਜਾਰੀ ਕਰਨ ਵਿੱਚ ਨਾਕਾਮ ਰਿਹਾ ਹੈ। ਹਰਸਿਮਰਤ ਦੇ ਦਾਅਵਿਆਂ ਦੇ ਉਲਟ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਪ੍ਰਾਜੈਕਟ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਵਾਸਤੇ ਕੇਵਲ ਤਾਂ ਹੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਜੇ ਕੇਂਦਰ ਸਰਕਾਰ ਇਸ ਦੀ ਸ਼ਨਾਖਤ ਕਰੇ ਜੋ ਕਿ ਅਜਿਹਾ ਕਰਨ ਵਿੱਚ ਅਸਫਲ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਰਤਾਰਪੁਰ ਲਾਂਘੇ ਦਾ ਮੁੱਦਾ ਹੋਵੇ ਜਾਂ ਫਿਰ ਪੰਥ ਦਾ, ਬਾਦਲ ਹਮੇਸ਼ਾ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਨੀਤੀਆਂ ਬਾਦਲਾਂ ਦੀ ਬੇੜੀ ਵਿੱਚ ਵੱਟੇ ਪਾਉਣਗੀਆਂ। ਇਨ੍ਹਾਂ ਕਰਕੇ ਹੀ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਸੂਬੇ ਵਿੱਚ ਕੋਈ ਉਪ ਚੋਣ ਅਤੇ ਹੋਰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ।
1984 ਦੇ ਦੰਗਿਆਂ ਦੇ ਸਬੰਧ ਵਿੱਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵਾਰ-ਵਾਰ ਲਾਏ ਜਾ ਰਹੇ ਆਧਾਰਹੀਣ ਦੋਸ਼ਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ‘ਤੇ ਕਾਬਜ਼ ਇਸ ਪਰਿਵਾਰ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਹਮੇਸ਼ਾਂ ਹੀ ਧਰਮ ਦੀ ਵਰਤੋਂ ਕੀਤੀ ਹੈ। ਇਸ ਨੂੰ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਨੇ ਵੀ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ਦੇ ਮਾਮਲੇ ਤੋਂ ਵੀ ਇਹ ਪੁਸ਼ਟੀ ਹੁੰਦੀ ਹੈ ਕਿ ਬਾਦਲਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਦੁਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਗਾਂਧੀ ਪਰਿਵਾਰ ਦਾ ਨਾਂ ਵਾਰ-ਵਾਰ ਇਸ ਮਾਮਲੇ ਵਿੱਚ ਘਸੀਟ ਰਿਹਾ ਹੈ ਜਦਕਿ ਉਹ ਉਥੇ ਹੈ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਵਿਰੁੱਧ ਇਕ ਵੀ ਸਬੂਤ ਨਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਬਾਦਲ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਸਬੰਧ ਵਿੱਚ ਗੰਭੀਰ ਹਨ ਤਾਂ ਉਨ੍ਹਾਂ ਨੂੰ 1984 ਦੇ ਦੰਗਿਆਂ ਵਿੱਚ ਦਰਜ ਐਫ.ਆਈ.ਆਰ ਵਿੱਚ ਸ਼ਾਮਲ ਬੀ.ਜੇ.ਪੀ/ਆਰ.ਐਸ.ਐਸ ਦੇ ਵਰਕਰਾਂ ਦਾ ਮੁੱਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਮੁੱਦੇ ‘ਤੇ ਖੇਡਾਂ ਖੇਡਣ ਦੀ ਥਾਂ ਉਨ੍ਹਾਂ ਨੂੰ ਆਪਣੇ ਭਾਈਵਾਲ ਭਾਰਤੀ ਜਨਤਾ ਪਾਰਟੀ ‘ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਲਾਂਘੇ ਦੇ ਵਿਕਾਸ ਬਾਰੇ ਜ਼ਰੂਰੀ ਲੋੜੀਂਦੇ ਫੰਡ ਜਾਰੀ ਕਰੇ।