ਸਾਨੂੰ ਕਿਹੜੀ ਸ਼ੈਅ ਕਦੋਂ ਆਕਰਸ਼ਿਤ ਕਰ ਲਵੇ ਇਹ ਸਮਝਣਾ ਔਖੈ। ਇਹ ਓਦੋਂ ਸੌਖਾ ਸਮਝ ਵਿੱਚ ਆ ਜਾਂਦੈ ਜਦੋਂ ਸਾਨੂੰ ਕਿਸੇ ਵਿੱਚ ਕੋਈ ਅਜਿਹਾ ਗੁਣ ਦਿਖ ਪਵੇ ਜਿਸ ਦੀ ਕਮੀ ਸਾਨੂੰ ਖ਼ੁਦ ਵਿੱਚ ਖ਼ਲਦੀ ਹੋਵੇ, ਓਦੋਂ ਵਧੇਰੇ ਮੁਸ਼ਕਿਲ ਜਦੋਂ ਉਹ ਅਜਿਹੇ ਲੱਛਣਾਂ ਦਾ ਮੁਜ਼ਾਹਰਾ ਕਰਨ ਜਿਨ੍ਹਾਂ ਨੂੰ ਆਪਣੇ ਤੋਂ ਦੂਰ ਰੱਖਣ ਦੀ ਅਸੀਂ ਸਾਰੀ ਉਮਰ ਸਖ਼ਤ ਕੋਸ਼ਿਸ਼ ਕੀਤੀ ਹੋਵੇ। ਸ਼ਾਇਦ ਅਸੀਂ ਆਪਣੇ ਤੋਂ ਵਿਪਰੀਤ ਸੁਭਾਅ ਵੱਲ ਆਕਰਸ਼ਿਤ ਹੁੰਦੇ ਹਾਂ। ਜਾਂ ਫ਼ਿਰ ਸਾਡਾ ਆਤਮ-ਤਿਆਗ, ਬੇਸ਼ੱਕ ਇਹ ਉਸ ਸ਼ੈਅ ਦਾ ਹੀ ਕਿਉਂ ਨਾ ਹੋਵੇ ਜਿਹੜੀ ਸਾਨੂੰ ਲੋੜੀਂਦੀ ਨਹੀਂ, ਉਸ ਨੂੰ ਲੁਭਾਉਣਾ ਬਣਾਉਣ ਲਈ ਕਾਫ਼ੀ ਹੁੰਦਾ ਹੈ ਖ਼ਾਸਕਰ ਜਦੋਂ ਉਹ ਸਾਨੂੰ ਦੂਸਰਿਆਂ ਵਿੱਚ ਦਿਖਾਈ ਦੇਵੇ। ਅਸੀਂ ਵੈਸੇ ਹੀ ਕਾਫ਼ੀ ਪੇਚੀਦਾ ਹਾਂ ਅਤੇ ਸਾਨੂੰ ਦਿਲਾਂ ਦੇ ਮਾਮਲਿਆਂ ਨੂੰ ਸਾਡੀ ਉਲਝਣ ਵਧਾਉਣ ਦੀ ਇਜਾਜ਼ਤ ਹਰਗਿਜ਼ ਨਹੀਂ ਦੇਣੀ ਚਾਹੀਦੀ। ਸਮਝਦਾਰੀ ਤੋਂ ਕੰਮ ਲਵੋ, ਅਤੇ ਤੁਸੀਂ ਅਜਿਹਾ ਤਾਲਮੇਲ ਬਿਠਾਉਣ ਵਿੱਚ ਕਾਮਯਾਬ ਹੋ ਜਾਵੋਗੇ ਜਿਹੜਾ ਤੁਹਾਡੇ ਦਿਲ ਔਰ ਦਿਮਾਗ਼ ਦੋਹਾਂ ਨੂੰ ਨੂੰ ਤ੍ਰਿਪਤ ਕਰ ਦੇਵੇਗਾ।
ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਉਸ ਲਈ ਪਸੰਦ ਕਰਨ ਜੋ ਤੁਸੀਂ ਹੋ? ਜਾਂ ਉਸ ਲਈ ਜਿਹੋ ਜਿਹਾ ਬਣਨ ਦੀ ਸੰਭਾਵਨਾ ਤੁਹਾਡੇ ਵਿੱਚ ਹੈ? ਤੁਸੀਂ ਅਜਿਹੀ ਕੋਈ ਚੋਣ ਨਹੀਂ ਕਰਨਾ ਚਾਹੁੰਦੇ। ਤੁਸੀਂ ਦੋਹੇਂ ਸੂਰਤਾਂ ਵਿੱਚ ਹੀ ਪਸੰਦ ਕੀਤੇ ਜਾਣਾ ਚਾਹੁੰਦੇ ਹੋ। ਜਦੋਂ ਲੋਕ ਸਾਨੂੰ ਕੇਵਲ ਉਸੇ ਤਰ੍ਹਾਂ ਹੀ ਪਸੰਦ ਕਰਦੇ ਹਨ ਜਿਸ ਰੂਪ ਵਿੱਚ ਅਸੀਂ ਮੌਜੂਦਾ ਤੌਰ ‘ਤੇ ਹੁੰਦੇ ਹਾਂ, ਸਾਨੂੰ ਚਿੰਤਾ ਸਤਾਉਣ ਲੱਗਦੀ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਬਦਲ ਲਿਆ ਤਾਂ ਉਹ ਸਾਡੇ ਤੋਂ ਦੂਰ ਹੋ ਜਾਣਗੇ। ਅਤੇ ਅਸੀਂ ਅਸਹਿਜ ਮਹਿਸੂਸ ਕਰਦੇ ਹਾਂ ਜੇਕਰ ਸਾਨੂੰ ਇਹ ਸ਼ੱਕ ਪੈ ਜਾਵੇ ਕਿ ਕੋਈ ਸਾਨੂੰ ਕਿਸੇ ਦੂਸਰੇ ਵਿਅਕਤੀ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹੈ। ਜਦੋਂ ਤੁਸੀਂ ਕਿਸੇ ਹੋਰ ਬਾਰੇ ਆਪਣੀਆਂ ਭਾਵਨਾਵਾਂ ਨੂੰ ਵਿਚਾਰ ਰਹੇ ਹੋਵੋ ਤਾਂ ਉਪਰੋਕਤ ਗੱਲਾਂ ਨੂੰ ਜ਼ਹਿਨ ਵਿੱਚ ਜ਼ਰੂਰ ਰੱਖਣਾ।
ਕਦੇ ਕਿਸੇ ਬਿਲਕੁਲ ਹੀ ਅਣਜਾਣ ਵਿਅਕਤੀ ਨੂੰ ਅਚਾਨਕ ਕਿਸੇ ਟ੍ਰੇਨ ਵਿੱਚ ਟੱਕਰ ਜਾਣ ਦੀ ਕਲਪਨਾ ਕੀਤੀ ਹੈ? ਜਾਂ ਕਿਸੇ ਕੈਫ਼ੇ ਵਿੱਚ … ਕੈਪੂਚੀਨੋ ਦੀਆਂ ਚੁਸਕੀਆਂ ਦੌਰਾਨ ਚਾਣਚੱਕ ਕਿਸੇ ਨਾਲ ਅੱਖਾਂ ਚਾਰ ਹੋ ਜਾਣ ਦੀ? ਕਿਸੇ ਨਵੇਂ ਵਿਅਕਤੀ ਨਾਲ ਸਬੱਬੀ ਟਾਕਰੇ ਦਾ ਖ਼ਿਆਲ ਮਾਤਰ ਹੀ ਸਾਡੀ ਕਲਪਨਾ ਨੂੰ ਗੁਦਗੁਦਾ ਦਿੰਦੈ। ਫ਼ਿਰ, ਇਹ ਫ਼ੈਸਲਾ ਕਰਨ ਤੋਂ ਪਹਿਲਾਂ ਕਿ ਕੋਈ ਸਾਡੇ ਲਈ ਹੀ ਖ਼ਾਸ ਬਣਾਇਆ ਗਿਐ ਜਾਂ ਨਹੀਂ, ਅਸੀਂ ਉਸ ਨੂੰ ਜਾਣਨ ਲਈ ਇੰਨਾ ਸਮਾਂ ਕਿਉਂ ਖਪਾਂਦੇ ਹਾਂ? ਜੇਕਰ ਅਸੀਂ ਅਣਜਾਣੇ ਲਈ ਹੀ ਵਿਲਕਦੇ ਹਾਂ ਤਾਂ ਫ਼ਿਰ ਇਸ ਸਾਰੇ ਆਡੰਬਰ ਦੀ ਕੀ ਲੋੜ? ਸ਼ਾਇਦ ਅਣਜਾਣ ਹਕੀਕਤ ਨਾਲੋਂ ਵਧੇਰੇ ਆਕਰਸ਼ਕ ਹੁੰਦੈ। ਅਣਜਾਣ, ਪਰ, ਸੋਫ਼ੇ ‘ਤੇ ਬੈਠੇ ਦੇ ਤੁਹਾਡੇ ਪੈਰਾਂ ਦੀ ਮਸਾਜ ਨਹੀਂ ਕਰਦਾ। ਜਾਣਨ ਵਾਲਾ, ਪਰ, ਤੁਹਾਡੇ ਲਈ ਅਜਿਹਾ ਕਰ ਦਿੰਦੈ। ਅਤੇ ਉਹ ਜਾਣਨ ਵਾਲਾ ਇਹ ਵੀ ਜਾਣਦੈ ਕਿ ਤੁਹਾਡੇ ਪੈਰਾਂ ਦੇ ਕਿਹੜੇ ਹਿੱਸਿਆਂ ਵਿੱਚ ਕੁਤਕੁਤਾੜ੍ਹੀ ਜ਼ਿਆਦਾ ਛਿੜਦੀ ਐ।
ਸੰਭਾਵਨਾਵਾਂ ਦੀ ਹਵਾ ਤੁਹਾਡੇ ਉਲਟ ਹੋ ਸਕਦੀ ਹੈ, ਪਰ ਇੱਕ ਅਜਿਹੀ ਸੰਭਾਵੀ ਖੇਡ-ਪਲਟੂ ਸ਼ੈਅ ਹੈ ਜੋ ਸਰਾਸਰ ਤੁਹਾਡੇ ਹੱਕ ਵਿੱਚ ਹੈ। ਕੋਸ਼ਿਸ ਕਰਦੇ ਰਹਿਣ ਦੀ ਤੁਹਾਡੀ ਜਮਾਂਦਰੂ ਕਾਬਲੀਅਤ! ਉਸ ਸੂਰਤ ਵਿੱਚ ਇਹ ਤੁਹਾਡੀ ਮਦਦ ਨਹੀਂ ਕਰ ਸਕੇਗੀ ਜੇਕਰ ਤੁਸੀਂ ਉਸ ਦਾ ਇਸਤੇਮਾਲ ਆਪਣੀ ਕਿਸੇ ਅਵਿਹਾਰਕ ਯੋਜਨਾ ਜਾਂ ਨਾਮੁਮਕਿਨ ਕੋਸ਼ਿਸ਼ ਨੂੰ ਨੇਪਰੇ ਚਾੜ੍ਹਨ ਲਈ ਕਰੋਗੇ। ਉਦਾਹਰਣ ਦੇ ਤੌਰ ‘ਤੇ, ਜੇਕਰ ਤਸੀਂ ਹੁਣੇ ਜਾ ਕੇ ਲਾਟਰੀ ਦੀਆਂ ਸੌ ਟਿਕਟਾਂ ਖ਼ਰੀਦ ਲਵੋ ਤਾਂ ਤੁਸੀਂ ਹਰਗਿਜ਼ ਇਹ ਆਸ ਨਹੀਂ ਕਰ ਸਕਦੇ ਕਿ ਖ਼ਰਚ ਕੀਤੇ ਗਏ ਪੈਸੇ ਦੀ ਭਰਪਾਈ ਹੋ ਜਾਵੇਗੀ, ਨਫ਼ਾ ਕਮਾਉਣ ਦੀ ਤਾਂ ਗੱਲ ਹੀ ਛੱਡੋ। ਪਰ ਜੇਕਰ ਤੁਸੀਂ ਆਪਣੀ ਸ਼ਕਤੀ ਕਿਸੇ ਅਜਿਹੀ ਸ਼ੈਅ ਵਿੱਚ ਲਗਾਓ ਜਿਹੜੀ ਠੋਸ ਕੋਸ਼ਿਸ਼ ਪ੍ਰਤੀ ਉਤਸਾਹਪੂਰਵਕ ਢੰਗ ਨਾਲ ਪ੍ਰਤੀਕਿਰਿਆਸ਼ੀਲ ਹੈ ਤਾਂ ਤੁਸੀਂ ਹੈਰਾਨੀਜਨਕ ਹੱਦ ਤਕ ਵਧੀਆ ਕਰ ਸਕਦੇ ਹੋ!
ਦੌਲਤ ਦਾ ਕੀ ਫ਼ਾਇਦਾ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਨਹੀਂ ਜਿਸ ਨਾਲ ਤੁਸੀਂ ਉਸ ਨੂੰ ਸਾਂਝਾ ਕਰ ਸਕੋ? ਜ਼ਰਾ ਠਹਿਰੋ, ਮੈਂ ਇਹ ਸਵਾਲ ਜ਼ਰਾ ਉਲਟੇ ਢੰਗ ਨਾਲ ਪੁੱਛ ਬੈਠਾਂ। ਜੇਕਰ ਤੁਹਾਡੇ ਕੋਲ ਸਾਂਝੀ ਕਰਨ ਲਈ ਕੋਈ ਦੌਲਤ ਹੀ ਨਹੀਂ ਤਾਂ ਫ਼ਿਰ ਸਾਂਝਾ ਕਰਨ ਦਾ ਕੀ ਫ਼ਾਇਦਾ? ਦਰਅਸਲ, ਕੁੱਝ ਸਾਂਝਾ ਕਰਨ ਲਈ ਤੁਹਾਡਾ ਦੌਲਤਮੰਦ ਹੋਣਾ ਜ਼ਰੂਰੀ ਨਹੀਂ। ਤੁਹਾਡੇ ਕੋਲ ਸਾਂਝੀਆਂ ਕਰਨ ਲਈ ਹੋਰ ਕਈ ਤਰ੍ਹਾਂ ਦੀਆਂ ਸੰਪਤੀਆਂ ਹਨ। ਤੁਸੀਂ ਆਪਣਾ ਵਕਤ ਸਾਂਝਾ ਕਰ ਸਕਦੇ ਹੋ, ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਤੁਸੀਂ ਆਪਣਾ ਪਿਆਰ ਸਾਂਝਾ ਕਰ ਸਕਦੇ ਹੋ। ਪਰ ਇਸ ਵਕਤ, ਤੁਸੀਂ ਅਤੀਤ ਵਿੱਚ ਘਾਲੀ ਕਿਸੇ ਘਾਲਣਾ ਦਾ ਫ਼ੱਲ ਚਖਣ ਵਾਲੇ ਹੋ। ਅਤੇ ਉਸ ਤੋਂ ਬਾਅਦ ਨਾ ਸਿਰਫ਼ ਤੁਹਾਡੇ ਕੋਲ ਸਾਂਝਾ ਕਰਨ ਲਈ ਹੀ ਵਾਧੂ ਹੋਵੇਗਾ ਸਗੋਂ ਉਸ ਨੂੰ ਸਾਂਝਾ ਕਰਨ ਲਈ ਕੋਈ ਤੁਹਾਡੇ ਕੋਲ ਵੀ।