ਆਲੀਆ ਭੱਟ ਦਾ ਕਹਿਣਾ ਹੈ ਕਿ ਉਸ ਨੇ ਕਰਨ ਜੌਹਰ ਦੀ ਅਗਲੀ ਫ਼ਿਲਮ ਤਖ਼ਤ ਬਿਨਾਂ ਸਕ੍ਰਿਪਟ ਪੜ੍ਹੇ ਹੀ ਸਾਈਨ ਕਰ ਲਈ ਸੀ ਕਿਉਂਕਿ ਉਹ ਕਰਨ ਉੱਪਰ ਅੱਖਾਂ ਬੰਦ ਕਰ ਕੇ ਯਕੀਨ ਕਰ ਸਕਦੀ ਹੈ …
ਬੌਲੀਵੁਡ ਦੀ ਖ਼ੂਬਸੂਰਤ ਅਤੇ ਚੁਲਬੁਲੀ ਅਭਿਨੇਤਰੀ ਆਲੀਆ ਭੱਟ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਰਾਜ਼ੀ ‘ਚ ਸ਼ਾਨਦਾਰ ਅਦਾਕਾਰੀ ਲਈ ਹੁਣ ਤਕ ਕਈ ਐਵਾਰਡਜ਼ ਆਪਣੇ ਨਾਂ ਕਰ ਚੁੱਕੀ ਹੈ। ਇਸ ਸਾਲ ਵੀ ਉਹ ਫ਼ਿਲਮਸਾਜ਼ ਕਰਨ ਜੌਹਰ ਦੀਆਂ ਦੋ ਮਲਟੀਸਟਾਰਰਜ਼ ਕਲੰਕ ਅਤੇ ਤਖ਼ਤ ‘ਚ ਨਜ਼ਰ ਆਉਣ ਵਾਲੀ ਹੈ। ਕਰਨ ਜੌਹਰ ਨੇ ਹੁਣ ਤਕ ਕਈ ਸਿਤਾਰਿਆਂ ਦੇ ਬੱਚਿਆਂ ਨੂੰ ਫ਼ਿਲਮਾਂ ‘ਚ ਡੈਬਿਊ ਕਰਵਾਇਆ ਹੈ। ਆਲੀਆ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਸਾਲ 2012 ‘ਚ ਕਰਨ ਨੇ ਆਲੀਆ ਨੂੰ ਆਪਣੇ ਪ੍ਰੋਡਕਸ਼ਨ ਹਾਊਸ ਜ਼ਰੀਏ ਲੌਂਚ ਕੀਤਾ ਸੀ। ਇਸ ਤੋਂ ਬਾਅਦ ਹੁਣ ਤਕ ਆਲੀਆ ਹਰ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਉਸ ਦੀ ਸਲਾਹ ਜ਼ਰੂਰ ਲੈਂਦੀ ਹੈ। ਕਰਨ ਵੀ ਆਲੀਆ ਦੀਆਂ ਫ਼ਿਲਮਾਂ ‘ਚ ਪੈਸੇ ਲਗਾਉਂਦਾਹੈ। ਕਰਨ ਆਲੀਆ ਦਾ ਸਲਾਹਕਾਰ ਅਤੇ ਗੁਰੂ ਵੀ ਹੈ। ਅਜਿਹੇ ‘ਚ ਕਰਨ ਦੀ ਫ਼ਿਲਮ ਵਿੱਚ ਆਲੀਆ ਦਾ ਹੋਣਾ ਤਾਂ ਤੈਅ ਹੀ ਹੈ। ਉਸ ਦੀ ਅਗਲੀ ਫ਼ਿਲਮ ਤਖ਼ਤ ਵਿੱਚ ਆਲੀਆ ਅਹਿਮ ਕਿਰਦਾਰ ਨਿਭਾ ਰਹੀ ਹੈ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਆਲੀਆ ਨੇ ਕਿਹਾ ਕਿ ਫ਼ਿਲਮ ਤਖ਼ਤ ਸਾਈਨ ਕਰਨ ਸਮੇਂ ਉਸ ਨੂੰ ਇਸ ਦੀ ਕਹਾਣੀ ਬਾਰੇ ਕੁੱਝ ਪਤਾ ਨਹੀਂ ਸੀ। ਉਸ ਨੇ ਤਾਂ ਕਰਨ ਦੇ ਕਹਿਣ ‘ਤੇ ਹੀ ਇਹ ਫ਼ਿਲਮ ਸਾਈਨ ਕਰ ਲਈ ਸੀ।
ਉਸ ਨੇ ਗੱਲ ਜਾਰੀ ਰੱਖਦਿਆਂ ਕਿਹਾ, ”ਮੈਂ ਇਹ ਵਿਸ਼ਵਾਸ ਸਿਰਫ਼ ਕਰਨ ਉੱਪਰ ਹੀ ਕਰਦੀ ਹਾਂ ਕਿਉਂਕਿ ਉਸ ਨਾਲ ਕਿਸੇ ਵੀ ਫ਼ਿਲਮ ‘ਚ ਮੈਂ ਅੱਖਾਂ ਮੀਟ ਕੇ ਕੰਮ ਕਰ ਸਕਦੀ ਹਾਂ।” ਦੱਸਣਯੋਗ ਹੈ ਕਿ ਉਨ੍ਹਾਂ ਦੋਵਾਂ ਦੀ ਦੋਸਤੀ ਦੇ ਚਰਚੇ ਆਮ ਹੀ ਬੌਲੀਵੁਡ ਵਿੱਚ ਸੁਣਨ ਨੂੰ ਮਿਲਦੇ ਰਹੇ ਹਨ। ਕਰਨ ਜੌਹਰ ਦੀ ਇਸ ਇਤਿਹਾਸਕ ਫ਼ਿਲਮ ‘ਚ ਆਲੀਆ ਭੱਟ ਵਿਕੀ ਕੌਸ਼ਲ ਨਾਲ ਜੋੜੀ ਬਣਾਏਗੀ। ਇਹ ਦੋਵੇਂ ਇਸ ਤੋਂ ਪਹਿਲਾਂ ਰਾਜ਼ੀ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਮਲਟੀਸਟਾਰਰ ਫ਼ਿਲਮ ਵਿੱਚ ਰਣਵੀਰ ਸਿੰਘ, ਅਨਿਲ ਕਪੂਰ, ਜਾਨ੍ਹਵੀ ਕਪੂਰ, ਕਰੀਨਾ ਕਪੂਰ ਖ਼ਾਨ ਅਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੇ।