ਅਕਸ਼ੇ ਪੈਸੇ ਕਮਾਉਣ ਦੇ ਨਾਲ-ਨਾਲ ਅਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੁੰਦਾ ਹੈ ਜਿਨ੍ਹਾਂ ਦੀਆਂ ਕਹਾਣੀਆਂ ਤੋਂ ਲੋਕਾਂ ਨੂੰ ਕੁੱਝ ਸਿੱਖਣ ਲਈ ਮਿਲੇ …
ਬੌਲੀਵੁਡ ਦੇ ਖਿਲਾੜੀ ਯਾਨੀ ਅਕਸ਼ੇ ਕੁਮਾਰ ਇੱਕ ਸਾਲ ‘ਚ ਚਾਰ ਜਾਂ ਇਸ ਤੋਂ ਜ਼ਿਆਦਾ ਫ਼ਿਲਮਾਂ ਕਰਦਾ ਹੈ, ਇਸ ਦੇ ਬਾਵਜੂਦ ਉਸ ਅੰਦਰ ਹੋਰ ਫ਼ਿਲਮਾਂ ਦੀ ਭੁੱਖ ਰਹਿੰਦੀ ਹੈ। ਇੰਨੀਆਂ ਫ਼ਿਲਮਾਂ ਕਰਨ ਦੇ ਬਾਵਜੂਦ ਅਕਸ਼ੇ ਦਾ ਮੰਨਣਾ ਹੈ ਕਿ ਉਹ ਸਾਲ ਭਰ ‘ਚ ਬਹੁਤ ਸਾਰੀਆਂ ਛੁੱਟੀਆਂ ਲੈ ਲੈਂਦਾ ਹੈ। ਜਦੋਂ ਅਕਸ਼ੇ ਕੋਲੋਂ ਪੁੱਛਿਆ ਗਿਆ ਕਿ ਇੰਡਸਟਰੀ ਵਿੱਚ ਬਹੁਤ ਸਾਰੇ ਸਿਤਾਰੇ ਸਾਲ ‘ਚ ਸਿਰਫ਼ ਇੱਕ-ਅੱਧੀ ਫ਼ਿਲਮ ਹੀ ਕਰ ਪਾਉਂਦੇ ਹਨ ਅਤੇ ਤੁਸੀਂ ਚਾਰ-ਚਾਰ ਫ਼ਿਲਮਾਂ ਕਿਵੇਂ ਕਰ ਲੈਂਦੇ ਹੋ? ਤਾਂ ਅਕਸ਼ੇ ਨੇ ਕਿਹਾ ਕਿ ਇਸ ਦਾ ਇੱਕ ਸਿੱਧਾ ਜਿਹਾ ਗਣਿਤ ਹੈ ਕਿ ਸਾਲ ਵਿੱਚ 365 ਦਿਨ ਹੁੰਦੇ ਹਨ। ਇੱਕ ਫ਼ਿਲਮ ਨੂੰ ਬਣਾਉਣ ‘ਚ ਕਰੀਬ 50 ਦਿਨ ਲਗਦੇ ਹਨ। ਸਾਲ ‘ਚ ਚਾਰ ਫ਼ਿਲਮਾਂ ਕੀਤੀਆਂ ਜਾਣ ਤਾਂ ਇਹ 200 ਦਿਨ ਬਣਦੇ ਹਨ ਅਤੇ ਇਸ ਤੋਂ ਬਾਅਦ ਵੀ ਤੁਹਾਡੇ ਕੋਲ 165 ਦਿਨ ਬਚ ਜਾਂਦੇ ਹਨ।
ਅਕਸ਼ੇ ਨੇ ਦੱਸਿਆ ਕਿ ਉਹ ਬਹੁਤ ਛੁੱਟੀਆਂ ਲੈਂਦਾ ਹੈ ਅਤੇ ਐਤਵਾਰ ਨੂੰ ਕੰਮ ਨਹੀਂ ਕਰਦਾ। ਸ਼ਨੀਵਾਰ ਨੂੰ ਉਹ ਅੱਧਾ ਦਿਨ ਕੰਮ ਕਰਦਾ ਹੈ। ਹਰ ਤਿੰਨ ਦਿਨ ਬਾਅਦ ਉਹ ਸੱਤ ਦਿਨ ਦੀਆਂ ਛੁੱਟੀਆਂ ਲੈਂਦਾ ਹੈ ਅਤੇ ਸਾਲ ਵਿੱਚ ਇੱਕ ਮਹੀਨਾ ਕੰਮ ਤੋਂ ਦੂਰ ਰਹਿੰਦਾ ਹੈ।
ਅਕਸ਼ੇ ਨੇ ਦੱਸਿਆ ਕਿ ਕਰੀਅਰ ਦੇ ਸ਼ੁਰੂ ਵਿੱਚ ਉਹ ਸਿਰਫ਼ ਫ਼ਿਲਮਾਂ ਤੋਂ ਪੈਸਾ ਕਮਾਉਣ ਲਈ ਇੰਡਸਟਰੀ ਵਿੱਚ ਆਇਆ ਸੀ, ਪਰ ਹੁਣ ਪੈਸੇ ਹਨ ਤਾਂ ਅਜਿਹੀਆਂ ਕਹਾਣੀਆਂ ‘ਤੇ ਫ਼ਿਲਮਾਂ ਬਣਾਉਣੀਆਂ ਚਾਹੁੰਦਾ ਹੈ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਨਾ ਹੋਵੇ ਅਤੇ ਜਿਸ ਨਾਲ ਆਮ ਆਦਮੀ ਨੂੰ ਫ਼ਾਇਦਾ ਹੋਵੇ।
ਅਕਸ਼ੇ ਚਾਹੁੰਦਾ ਹੈ ਕਿ ਸਾਡੀਆਂ ਫ਼ਿਲਮਾਂ ਅਜਿਹੀਆਂ ਹੋਣ ਕਿ ਉਨ੍ਹਾਂ ਨੂੰ ਦੇਖਣ ਨੂੰ ਬਾਅਦ ਦੁਨੀਆ ਵਿੱਚ ਕਿਧਰੇ ਵੀ ਸੰਕਟ ਆਵੇ ਤਾਂ ਭਾਰਤ ਹੀ ਬਚਾਉਣ ਵਾਲਿਆਂ ਵਿੱਚ ਮੂਹਰੇ ਹੋਵੇ।