ਡਬਲਿਨ— ਆਇਰਲੈਂਡ ‘ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀ ਆਇਰਲੈਂਡ ਦੀ ਇਕ ਪਹਾੜੀ ਤੋਂ ਸੈਲਫੀ ਲੈ ਰਿਹਾ ਸੀ ਕਿ ਅਚਾਨਕ ਉਸ ਦਾ ਕੰਟਰੋਲ ਵਿਗੜ ਗਿਆ ਤੇ ਉਹ ਪਹਾੜੀ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਆਇਰਲੈਂਡ ਦੀ ਇਕ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਭਾਰਤੀ ਡਬਲਿਨ ਦੀ ਇਕ ਯੂਨੀਵਰਸਿਟੀ ‘ਚ ਪੜਦਾ ਸੀ। ਅਜੇ ਵਿਦਿਆਰਥੀ ਦੀ ਸਹੀ ਪਛਾਣ ਨਹੀਂ ਹੋ ਸਕੀ ਹੈ ਪਰ ਪੀੜਤ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਏਜੰਸੀ ਨੇ ਦੱਸਿਆ ਕਿ ਵਿਦਿਆਰਥੀ ਦੇਸ਼ ਦੇ ਮਸ਼ਹੂਰ ਕਲਿਫ ਆਫ ਮੌਹਰ ‘ਤੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ ਹੈਲਾਕਾਪਟਰ ਦੀ ਮਦਦ ਨਾਲ ਪੀੜਤ ਨੂੰ ਖੱਡ ‘ਚੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।
ਪੁਲਸ ਨੇ ਹਾਦਸੇ ਤੋਂ ਬਾਅਦ ਕਈ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਇਸ ਹਾਦਸੇ ਨੂੰ ਦੁਖਦ ਘਟਨਾ ਐਲਾਨ ਦਿੱਤਾ। ਘਟਨਾ ਤੋਂ ਬਾਅਦ ਅਜੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਭਾਰਤ ‘ਚ ਪੀੜਤ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੂਨ 2007 ‘ਚ ਵੀ ਇਕ ਵਿਅਕਤੀ ਇਸੇ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਟੂਰਿਸਟ ਪਲੇਸ ‘ਤੇ ਹਰ ਸਾਲ ਕਰੀਬ 15 ਲੱਖ ਯਾਤਰੀ ਆਉਂਦੇ ਹਨ।