ਚੰਡੀਗੜ੍ਹ- ਅਫਗਾਨਿਸਤਾਨ ਵਿਚ ਘੱਟ ਗਿਣਤੀ ਵਰਗ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਸੰਸਦ ਮੈਂਬਰ ਐਮਾ ਹਾਰਡੀ ਤੇ ਤਨਮਨਜੀਤ ਸਿੰਘ ਢੇਸੀ ਸਮੇਤ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਊਥਾਲ (ਅਫ਼ਗਾਨ ਏਕਤਾ ਸੋਸਾਇਟੀ) ਤੇ ਯੂਨਾਈਟਿਡ ਸਿੱਖਜ਼ ਦੇ ਨੁਮਾਇੰਦਿਆਂ ਦੇ ਵਫ਼ਦ ਵੱਲੋਂ ਅੱਜ ਬਰਤਾਨੀਆਂ ਦੀ ਪ੍ਰਵਾਸ ਮੰਤਰੀ ਕੈਰੋਲਿਨ ਨੋਕਸ ਨਾਲ ਮੁਲਾਕਾਤ ਕੀਤੀ ਗਈ।
ਵਫਦ ਨੇ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ‘ਤੇ ਹਾਲ ਹੀ ਵਿੱਚ ਸੌ ਤੋਂ ਵੱਧ ਹੋਏ ਹਮਲਿਆਂ ਤੋਂ ਬਾਅਦ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਉਜਾਗਰ ਕਰਦਾ ਇਕ ਦਸਤਾਵੇਜ਼ ਮੰਤਰੀ ਨੂੰ ਸੌਂਪਿਆ। ਇਹ ਖੁਲਾਸਾ ਅੱਜ ਇੱਕ ਬਿਆਨ ਵਿੱਚ ਸੰਸਦ ਮੈਂਬਰ ਢੇਸੀ ਨੇ ਕੀਤਾ। ਉਨ•ਾਂ ਕਿਹਾ ਕਿ ਯੂ.ਕੇ. ਸਰਕਾਰ ਦੀ ਅਫਗਾਨਿਸਤਾਨ ਮੁੱਦੇ ‘ਤੇ ਸਮੀਖਿਆ ਕਰਨ ਦੀ ਪਹਿਲਕਦਮੀ ‘ਤੇ ਐਮਾ ਹਾਰਡੀ ਨੇ ਤਸੱਲੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਉਹ ਅਫਗਾਨ ਸਿੱਖਾਂ ਅਤੇ ਹਿੰਦੂਆਂ ਦੀ ਸਥਿਤੀ ਦੀ ਸਮੀਖਿਆ ਲਈ ਮਾਰਚ ਮਹੀਨੇ ਦੇ ਅਖੀਰ ‘ਚ ਮੰਤਰੀ ਨਾਲ ਮੁੜ ਮੁਲਾਕਾਤ ਕਰਨਗੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਢੇਸੀ ਨੇ ਦੱਸਿਆ ਕਿ ਉਨ•ਾਂ ਨੇ ਪਿਛਲੇ ਸਾਲ ਹਾਊਸ ਆਫ ਕਾਮਨਜ਼ ਵਿਚ ਵੀ ਇਸ ਮੁੱਦੇ ਨੂੰ ਉਠਾਇਆ ਸੀ। ਉਨ•ਾਂ ਕਿਹਾ ਯੂ.ਕੇ. ਵਿੱਚ ਸ਼ਰਣਾਰਥੀਆਂ ਲਈ ਦੇਸ਼ ਨਿਕਾਲੇ ਦੇ ਖਤਰੇ ਸਬੰਧੀ ਉਨ•ਾਂ ਨੂੰ ਰਾਹਤ ਦਵਾਉਣ ਦੇ ਮਕਸਦ ਨਾਲ ਵਫਦ ਨੇ ਅਫਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਦੁਰਦਸ਼ਾ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਸੰਂਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ, “ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਅਫਗਾਨ ਨੀਤੀ ਸਬੰਧੀ ਬਰਤਾਨਵੀ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਵਿਚਾਰ ਅਧੀਨ ਹਨ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਬ੍ਰਿਟਿਸ਼ ਸਿੱਖਸ ਇਸ ਸਬੰਧੀ ਸਬੂਤ ਪੇਸ਼ ਕਰਨਾ ਜਾਰੀ ਰੱਖੇਗਾ ਅਤੇ ਅਸੀਂ ਇਸ ਦਿਸ਼ਾ ਵੱਲ ਯਤਨਸ਼ੀਲ ਰਹਾਂਗੇ ਕਿ ਯੂ.ਕੇ. ਸਰਕਾਰ ਵੱਲੋਂ ਕਿਸੇ ਵੀ ਅਫ਼ਗਾਨ ਸਿੱਖ ਨੂੰ ਅਫ਼ਗਾਨਿਸਤਾਨ ਵਾਪਸ ਨਾ ਭੇਜਿਆ ਜਾਵੇ।