ਸ਼ਾਹਰੁਖ਼ ਦਾ ਕਹਿਣਾ ਹੈ ਕਿ ਉਸ ਨੇ ਖ਼ੁਦ ਨੂੰ ਕਦੇ ਮੁਕੰਮਲ ਕਲਾਕਾਰ ਨਹੀਂ ਸਮਝਿਆ। ਕਲਾਕਾਰ ਹੋਣ ਦੇ ਨਾਤੇ, ਉਹ ਲਗਾਤਾਰ ਸਿੱਖਦਾ ਹੈ ਅਤੇ ਇਸ ਪੱਖੋਂ ਬੇਹੱਦ ਜਾਗਰੂਕ ਹੈ। ਉਸ ਦਾ ਕਹਿਣਾ ਹੈ ਕਿ ਜੋ ਸਿੱਖਣਾ ਨਹੀਂ ਚਾਹੁੰਦੇ, ਉਹ ਅੱਗੇ ਨਹੀਂ ਵਧ ਸਕਦੇ …
ਮੈਂ ਮੁਕੰਮਲ ਨਹੀਂ, ਬੇਚੈਨ ਕਲਾਕਾਰ ਹਾਂ: ਸ਼ਾਹਰੁਖ਼ ਖ਼ਾਨ
ਕਿੰਗ ਖ਼ਾਨ ਸ਼ਾਹਰੁਖ਼ ਦਾ ਕਹਿਣਾ ਹੈ ਕਿ ਇੱਕ ਅਦਾਕਾਰ ਦੇ ਤੌਰ ‘ਤੇ ਉਸ ਨੂੰ ਕਦੇ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਉਹ ਮੁਕੰਮਲ ਹੈ ਅਤੇ ਇਸੇ ਚੀਜ਼ ਨੇ ਉਸ ਨੂੰ ਤਿੰਨ ਦਹਾਕੇ ਦੇ ਲੰਬੇ ਕਰੀਅਰ ‘ਚ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ। ਸ਼ਾਹਰੁਖ਼ ਨੇ ਕਿਹਾ ਕਿ ਨਤੀਜਿਆਂ ਵੱਲ ਵੇਖਣ ਦੀ ਬਜਾਏ ਉਹ ਵੱਡੀ ਸਫ਼ਲਤਾ ਦਾ ਖ਼ਾਮੋਸ਼ੀ ਨਾਲ ਜ਼ਸਨ ਮਨਾਉਣ ‘ਚ ਵਿਸ਼ਵਾਸ ਰੱਖਦਾ ਹੈ। ਖ਼ਾਨ ਨੇ ਕਿਹਾ, ”ਮੈਂ ਕਦੇ ਮੁਕੰਮਲ ਮਹਿਸੂਸ ਨਹੀਂ ਕੀਤਾ। ਇੱਕ ਕਲਾਕਾਰ ਹੋਣ ਦੇ ਨਾਤੇ, ਮੈਂ ਕਾਫ਼ੀ ਅਧੂਰਾ ਹਾਂ ਅਤੇ ਇਸ ਗੱਲ ਦਾ ਮੈਨੂੰ ਅਹਿਸਾਸ ਵੀ ਹੈ। ਜੇ ਮੈਨੂੰ ਇਸ ਗੱਲ ਦਾ ਅਹਿਸਾਸ ਨਾ ਹੁੰਦਾ ਤਾਂ ਮੈਨੂੰ ਕੰਮ ਕਰਨ ‘ਚ ਕੋਈ ਰੁਚੀ ਨਹੀਂ ਹੋਣੀ ਸੀ। ਜੇ ਮੈਂ ਮੁਕੰਮਲ ਹੁੰਦਾ ਤਾਂ ਕਿਉਂ ਸਵੇਰੇ ਉੱਠ ਕੇ ਸਖ਼ਤ ਮਿਹਨਤ ਕਰਦਾ ਅਤੇ ਹੁਣ ਵੀ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਨਾ ਕਰਦਾ ਰਹਿੰਦਾ।”
ਸ਼ਾਹਰੁਖ਼ ਨੇ ਕਿਹਾ, ”ਮੈਂ ਹਮੇਸ਼ਾ ਸੋਚਦਾ ਹਾਂ ਕਿ ਜਿਸ ਕਮਰਸ਼ੀਅਲ ਸਿਨਮਾ ‘ਚ ਮੈਂ ਕੰਮ ਕਰ ਰਿਹਾ ਹਾਂ, ਮੈਂ ਉਸ ‘ਚ ਕੁੱਝ ਨਵਾਂ ਕਿਵੇਂ ਕਰ ਸਕਦਾ ਹਾਂ। ਮੈਂ ਬਿਲਕੁਲ ਵੀ ਮੁਕੰਮਲ ਨਹੀਂ, ਮੈਂ ਤਾਂ ਸੁਭਾਅ ਤੋਂ ਹੀ ਬੈਚੇਨ ਹਾਂ। ਜੇ ਤੁਸੀਂ ਮੁਕੰਮਲ ਮਹਿਸੂਸ ਕਰਦੇ ਹੋ ਤਾਂ ਤੁਸੀਂ ਅਕਾਊ ਹੋ।” ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸ਼ਾਹਰੁਖ਼ ਦੀ ਫ਼ਿਲਮ ਜ਼ੀਰੋ ਰਿਲੀਜ਼ ਹੋਈ ਸੀ। ਇਸ ਫ਼ਿਲਮ ਤੋਂ ਉਸ ਨੂੰ ਕਾਫ਼ੀ ਉਮੀਦਾਂ ਸਨ ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਉਸ ਦਾ ਕਰੀਅਰ ਗ੍ਰਾਫ਼ ਕੋਈ ਬਹੁਤ ਚੰਗਾ ਨਹੀਂ ਚੱਲ ਰਿਹਾ। ਇਸ ਫ਼ਿਲਮ ਨਾਲ ਸ਼ਾਹਰਖ਼ੁ ਆਪਣੇ ਸਟਾਰਡਮ ‘ਚ ਵਾਪਸੀ ਕਰਨੀ ਚਾਹੁੰਦਾ ਸੀ।
ਇਸ ਵਿੱਚ ਉਸ ਨਾਲ ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ਼ ਬੌਲੀਵੁਡ ਦੇ ਮਹਾਨਾਇੱਕ ਅਮਿਤਾਭ ਬੱਚਨ ਨਾਲ ਬਦਲਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰੇਗਾ। ਵੈਸੇ 2019 ਵਿੱਚ ਉਹ ਅਮਰੀਕਾ ਵੀ ਆਏਗਾ ਆਪਣੀ ਅਗਲੀ ਫ਼ਿਲਮ, ਜੋ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਹੈ, ਦੀ ਟ੍ਰੇਨਿੰਗ ਲਈ। ਇਹ ਟ੍ਰੇਨਿੰਗ ਲੈਣ ਦਾ ਮੁੱਖ ਮਕਸਦ ਉਸ ਦੁਆਰਾ ਰਾਕੇਸ਼ ਸ਼ਰਮਾ ਦੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਦੀ ਇੱਛਾ ਰੱਖਣਾ ਹੈ।
ਆਪਣੀ ਪਛਾਣ ਖ਼ੁਦ ਬਣਾਵਾਂਗੀ: ਸਾਰ੍ਹਾ
ਸੈਫ਼ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰ੍ਹਾ ਅਲੀ ਖ਼ਾਨ ਦੀ ਹਾਲ ਹੀ ‘ਚ ਰਿਲੀਜ਼ ਹੋਈ ਡੈਬਿਊ ਫ਼ਿਲਮ ਕੇਦਾਰਨਾਥ ਬੌਕਸ ਆਫ਼ਿਸ ‘ਤੇ ਚੰਗਾ ਪੈਸਾ ਕਮਾ ਰਹੀ ਹੈ। ਹਾਲ ਹੀ ‘ਚ ਸਾਰ੍ਹਾ ਅਲੀ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਜਿੰਨੀ ਉਤਸਾਹਿਤ ਸੀ, ਓਨਾ ਹੀ ਉਸ ਨੂੰ ਡਰ ਵੀ ਸੀ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਜਾਂ ਨਹੀਂ। ਸਾਰ੍ਹਾ ਅਲੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਹੈ ਕਿ ਦਰਸ਼ਕ ਉਸ ਨੂੰ ਸਿਤਾਰਿਆਂ ਦੇ ਬੱਚਿਆਂ ਦੇ ਤੌਰ ‘ਤੇ ਜਾਣਨ ਬਲਕਿ ਉਹ ਆਪਣੀ ਅਦਾਕਾਰੀ ਦੇ ਦਮ ‘ਤੇ ਆਪਣੀ ਪਛਾਣ ਬਣਾਉਣੀ ਚਾਹੁੰਦੀ ਹੈ।
ਸਾਰ੍ਹਾ ਨੇ ਕਿਹਾ, ”ਮੈਨੂੰ ਹਮੇਸ਼ਾ ਤੋਂ ਹੀ ਐਕਟਿੰਗ ਕਰਨਾ ਪਸੰਦ ਸੀ। ਕੇਦਾਰਨਾਥ ਨਾਲ ਮੇਰਾ ਇਹ ਸੁਪਨਾ ਪੂਰਾ ਹੋਇਆ। ਮੈਨੂੰ ਆਪਣੀ ਮਾਂ ਨਾਲ ਬਹੁਤ ਪਿਆਰ ਹੈ ਅਤੇ ਮੈਂ ਜੋ ਵੀ ਕਰਦੀ ਹਾਂ ਉਨ੍ਹਾਂ ਨੂੰ ਉਹ ਸਭ ਪਸੰਦ ਹੈ, ਪਰ ਉਹ ਇੱਕ ਮਾਂ ਹੋਣ ਦੇ ਨਾਲ-ਨਾਲ ਇੱਕ ਅਭਿਨੇਤਰੀ ਵੀ ਹੈ। ਉਹ ਹਮੇਸ਼ਾ ਮੈਨੂੰ ਕਹਿੰਦੇ ਹਨ ਕਿ ਮੈਂ ਹਮੇਸ਼ਾ ਅਜਿਹਾ ਕੰਮ ਕਰਾਂ ਜੋ ਦਰਸ਼ਕਾਂ ਨੂੰ ਚੰਗਾ ਲੱਗੇ ਕਿਉਂਕਿ ਅਸੀਂ ਦਰਸ਼ਕਾਂ ਲਈ ਹੀ ਬਣੇ ਹਾਂ। ਉਹ ਮੈਨੂੰ ਕਾਫ਼ੀ ਸੁਝਾਅ ਵੀ ਦਿੰਦੇ ਰਹਿੰਦੇ ਹਨ। ਇਸ ਲਈ ਮੈਂ ਚਾਹੁੰਦੀ ਹਾਂ ਕਿ ਸਾਰੇ ਮੈਨੂੰ ਮੰਮੀ ਦੀ ਬੇਟੀ ਵਜੋਂ ਜਾਣਨ।”
ਭਾਵੇਂ ਸਾਰ੍ਹਾ ਦੀ ਪਹਿਲੀ ਫ਼ਿਲਮ ਕੇਦਾਰਨਾਥ ‘ਤੇ ਅਲੋਚਕਾਂ ਦੀ ਵੱਖ-ਵੱਖ ਰਾਏ ਦੇਖੀ ਗਈ ਹੈ, ਪਰ ਫ਼ਿਲਮ ਪਰਦੇ ‘ਤੇ ਚੰਗਾ ਪ੍ਰਦਰਸ਼ਨ ਕਰਦੀ ਹੋਈ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਸਾਰ੍ਹਾ ਦੀ ਇੱਕ ਹੋਰ ਫ਼ਿਲਮ ਸਿੰਬਾ ਵੀ 28 ਦਸੰਬਰ ਨੂੰ ਰਿਲੀਜ਼ ਹੋਵੇਗੀ ਜਿਸ ‘ਚ ਰਣਵੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਨੇ ਅਤੇ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ।