ਛੇਤੀ ਹੀ ਫ਼ਿਲਮਸਾਜ਼ ਕਰਨ ਜੌਹਰ ਫ਼ਿਲਮ ਤਖ਼ਤ ਬਣਾਉਣੀ ਸ਼ੁਰੂ ਕਰਨ ਵਾਲਾ ਹੈ। ਇਸ ਫ਼ਿਲਮ ‘ਚ ਅਨਿਲ ਸ਼ਾਹਜਹਾਂ ਦਾ ਕਿਰਦਾਰ ਨਿਭਾਏਗਾ। ਇਸ ਕਿਰਦਾਰ ਨੂੰ ਨਿਭਾਉਣ ਲਈ ਅਨਿਲ ਨੂੰ ਆਪਣਾ ਕਾਫ਼ੀ ਵਜ਼ਨ ਵਧਾਉਣਾ ਪੈ ਰਿਹੈ …
ਤਖ਼ਤ ਲਈ ਵਜ਼ਨ ਵਧਾ ਰਿਹੈ ਅਨਿਲ ਕਪੂਰ
ਮਿਸਟਰ ਇੰਡੀਆ, ਯਾਨੀ ਅਨਿਲ ਕਪੂਰ, ਆਪਣੀ ਅਗਲੀ ਫ਼ਿਲਮ ਤਖ਼ਤ ਲਈ ਆਪਣਾ ਭਾਰ ਵਧਾਉਣ ਜਾ ਰਿਹਾ ਹੈ। ਬੌਲੀਵੁਡ ਦਾ ਮਸ਼ਹੂਰ ਫ਼ਿਲਮਸਾਜ਼ ਕਰਨ ਜੌਹਰ ਅਗਲੇ ਸਾਲ ਆਪਣੀ ਮਲਟੀਸਟਾਰਰ ਫ਼ਿਲਮ ਤਖ਼ਤ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗਾ। ਮੁਗ਼ਲ ਇਤਿਹਾਸ ‘ਤੇ ਆਧਾਰਿਤ ਇਸ ਫ਼ਿਲਮ ‘ਚ ਅਨਿਲ ਕਪੂਰ ਸ਼ਾਹਜਹਾਂ ਦਾ ਕਿਰਦਾਰ ਨਿਭਾਏਗਾ। ਇਸ ਕਿਰਦਾਰ ਨੂੰ ਨਿਭਾਉਣ ਤੋਂ ਪਹਿਲਾਂ ਅਨਿਲ ਨੂੰ ਆਪਣਾ ਵਜ਼ਨ ਵੀ ਵਧਾਉਣਾ ਪਏਗਾ। ਇਸ ਲਈ ਅਨਿਲ ਅਗਲੇ ਸਾਲ ਪਹਿਲਾਂ ਨਾਲੋਂ ਵੱਖਰੀ ਡਾਇਟ ਲਿਸਟ ਮੁਤਾਬਿਕ ਆਪਣੀ ਖ਼ੁਰਾਕ ਖਾਣੀ ਸ਼ੁਰੂ ਕਰ ਰਿਹਾ ਹੈ।
ਵੈਸੇ ਅਨਿਲ ਆਪਣੀ ਫ਼ਿਟਨੈੱਸ ਨੂੰ ਲੈ ਕੇ ਕਾਫ਼ੀ ਸੁਚੇਤ ਰਹਿੰਦਾ ਹੈ। ਇਹੀ ਕਾਰਨ ਹੈ ਕਿ ਹੁਣ ਤਕ ਵੀ ਉਸ ਦਾ ਫ਼ਿਲਮੀ ਕਰੀਅਰ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ। ਕੁੱਝ ਸਮਾਂ ਪਹਿਲਾਂ ਅਨਿਲ ਨੇ ਕਿਹਾ ਸੀ ਕਿ ਉਹ ਖ਼ੁਦ ਨੂੰ ਫ਼ਿੱਟ ਰੱਖਣ ਲਈ ਖਾਣ-ਪੀਣ ਦਾ ਖ਼ਾਸ ਧਿਆਨ ਰੱਖਦਾ ਹੈ। ਖ਼ੈਰ, ਤਖ਼ਤ ਦੀ ਮੁਕੰਮਲ ਸਟਾਰ ਕਾਸਟ ਵਿੱਚ ਰਣਬੀਰ ਸਿੰਘ, ਕਰੀਨਾ ਕਪੂਰ ਖ਼ਾਨ, ਆਲੀਆ ਭੱਟ, ਵਿਕੀ ਕੌਸ਼ਲ, ਭੂਮੀ ਪੇਡਨੇਕਰ, ਜਾਨ੍ਹਵੀ ਕਪੂਰ ਅਤੇ ਅਨਿਲ ਕਪੂਰ ਸ਼ਾਮਿਲ ਹਨ।
ਇਸ ਫ਼ਿਲਮ ਨੂੰ ਕਰਨ ਜੌਹਰ ਖ਼ੁਦ ਡਾਇਰੈਕਟ ਕਰ ਰਿਹਾ ਹੈ। ਇਹ ਫ਼ਿਲਮ ਸੱਚੀ ਇਤਿਹਾਸਕ ਘਟਨਾ ‘ਤੇ ਆਧਾਰਿਤ ਹੈ ਅਤੇ ਪਿਛਲੇ ਦਿਨੀਂ ਕਰਨ ਨੇ ਖ਼ੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਕਰਨ ਨੇ ਕਿਹਾ ਸੀ ਕਿ ਤਖ਼ਤ ਇਤਿਹਾਸ ‘ਤੇ ਆਧਾਰਿਤ ਇੱਕ ਕਹਾਣੀ ਹੈ। ਇਸ ਲਈ ਇਹ ਫ਼ਿਲਮ ਇਤਿਹਾਸ ਦੀ ਮਰਿਆਦਾ ਨੂੰ ਧਿਆਨ ‘ਚ ਰੱਖ ਕੇ ਬਣਾਈ ਜਾਵੇਗੀ। ਇਹ ਫ਼ਿਲਮ ਸੱਚੀ ਘਟਨਾ ‘ਤੇ ਆਧਾਰਿਤ ਹੈ ਜੋ ਇਤਿਹਾਸ ‘ਚ ਮੌਜੂਦ ਵੀ ਹੈ ਅਤੇ ਇਸ ਲਈ ਇਸ ਨੂੰ ਉਸੇ ਤਰੀਕੇ ਨਾਲ ਬਣਾਉਣਾ ਮਹੱਤਵਪੂਰਨ ਹੋਵੇਗਾ ਜਿਸ ਤਰ੍ਹਾਂ ਇਹ ਘਟਨਾ ਘੱਟੀ ਸੀ।
ਜ਼ਿਕਰਯੋਗ ਹੈ ਕਿ ਤਖ਼ਤ ‘ਚ ਦਰਸ਼ਕਾਂ ਨੂੰ ਪਹਿਲੀ ਵਾਰ ਅਦਾਕਾਰ ਰਣਵੀਰ ਸਿੰਘ ਅਤੇ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਦੀ ਜੋੜੀ ਦੇਖਣ ਨੂੰ ਮਿਲੇਗੀ। ਇਸ ਵਕਤ ਅਨਿਲ ਕਪੂਰ ਟੋਟਲ ਧਮਾਲ ਅਤੇ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ਵਰਗੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ।