ਅਸੰਭਾਵਨਾਵਾਂ ਵਿੱਚ ਸੰਭਾਵਨਾਵਾਂ ਦੀ ਤਾਲਾਸ਼ ਕਰੋ। ਹਾਲਾਂਕਿ ਜੀਵਨ ਛੇਤੀ ਹੀ ਥੋੜ੍ਹਾ ਸ਼ਾਂਤ ਹੋ ਜਾਣਾ ਚਾਹੀਦੈ, ਅਤੇ ਇਸ ਦੀ ਰਫ਼ਤਾਰ ਕੁਝ ਮੱਧਮ, ਪਰ ਕਿਸਮਤ ਵਿੱਚ ਹਾਲੇ ਵੀ ਕੁਝ ਅਚੰਭੇ ਲੁਕੇ ਪਏ ਹਨ। ਇਨ੍ਹਾਂ ਵਿੱਚੋਂ ਕਈ ਖ਼ੁਸ਼ਗਵਾਰ ਹੋਣਗੇ। ਤੇ ਕੁਝ ਅਜਿਹੇ ਜਿਨ੍ਹਾਂ ਨੂੰ ਤੁਸੀਂ ਇਕਦਮ ਪਸੰਦ ਨਹੀਂ ਕਰੋਗੇ, ਪਰ ਉਹ ਅੱਗੋਂ ਚੱਲ ਕੇ ਸਹਾਇਕ ਸਿੱਧ ਹੋ ਸਕਦੇ ਹਨ ਬਸ਼ਰਤੇ ਤੁਸੀਂ ਬਹੁਤਾ ਸਖ਼ਤ ਰਵੱਈਆ ਨਾ ਅਪਨਾਓ। ਇਸ ਧਾਰਣਾ ਨੂੰ ਮਨ ਵਿੱਚ ਵਸਾ ਕੇ ਚੱਲੋ ਕਿ ਭਵਿੱਖ ਤੁਹਾਡਾ ਦੋਸਤ ਹੈ ਨਾ ਕਿ ਦੁਸ਼ਮਣ। ਉਹ ਤੁਹਾਨੂੰ ਕਹਿੰਦਾ ਹੋ ਸਕਦੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਆਪਣੀ ਸਥਿਤੀ ਨੂੰ ਦੇਖਣ ਦਾ ਨਜ਼ਰੀਆ ਥੋੜ੍ਹਾ ਬਦਲੋ, ਪਰ ਇਹ ਸਭ ਤੁਹਾਨੂੰ ਸੁਖੀ ਅਤੇ ਖ਼ੁਸ਼ ਦੇਖਣ ਲਈ ਹੀ ਹੈ।

ਸਾਡੇ ਆਖ਼ਰੀ ਵਾਰ ਮਿਲਣ ਤੋਂ ਲੈ ਕੇ ਹੁਣ ਤਕ ਤੁਸੀਂ ਕਾਫ਼ੀ ਕੁਝ ਵਿੱਚੋਂ ਗੁਜ਼ਰ ਚੁੱਕੇ ਹੋ। ਸੱਚ ਪੁੱਛੋ ਤਾਂ ਮੈਨੂੰ ਵੀ ਅਜਿਹੇ ਸਮੇਂ ਬ੍ਰੇਕ ਲੈਣਾ ਭੈੜਾ ਲੱਗ ਰਿਹਾ ਸੀ ਜਦੋਂ ਮੈਨੂੰ ਪਤਾ ਸੀ ਕਿ ਤੁਹਾਨੂੰ ਹਮਾਇਤ ਦੀ ਸਭ ਤੋਂ ਵੱਧ ਲੋੜ ਪੈਣ ਵਾਲੀ ਹੈ। ਪਰ ਫ਼ਿਰ, ਮੈਂ ਸੋਚਿਆ, ਤੁਹਾਨੂੰ ਪਤਾ ਤਾਂ ਹੈ ਹੀ ਜੋ ਤੁਹਾਨੂੰ ਕਰਨ ਦੀ ਲੋੜ ਹੈ। ਤੁਹਾਨੂੰ ਪਤੈ ਨਾ ਕਿ ਨਹੀਂ ਪਤਾ? ਤੁਸੀਂ ਉਹੀ ਕਰ ਰਹੇ ਹੋ ਕਿ ਨਹੀਂ? ਫ਼ਿਰ, ਮਸਲਾ ਕੀ ਹੈ? ਉਤਰਾਅ ਚੜ੍ਹਾਅ ਤਾਂ ਆਉਂਦੇ ਜਾਂਦੇ ਰਹਿਣਗੇ – ਜਿਵੇਂ ਉਹ ਹਮੇਸ਼ਾਂ ਕਰਦੇ ਹੀ ਹਨ, ਪਰ ਆਮ ਤੌਰ ‘ਤੇ ਟਰੈਂਡ ਵਧੇਰੇ ਤਾਕਤ ਅਤੇ ਸੁਰੱਖਿਆ ਵੱਲ ਵਧਦੇ ਰਹਿਣਾ ਹੀ ਹੋਵੇਗਾ ਜਿੰਨਾ ਚਿਰ ਤੁਸੀਂ ਆਪਣੇ ਚੁਣੇ ਹੋਏ ਰਸਤੇ ‘ਤੇ ਦ੍ਰਿੜਤਾ ਨਾਲ ਚਲਦੇ ਰਹੋਗੇ।

ਜੇਕਰ ਤੁਸੀਂ ਕਿਸੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸ ਸ਼ੈਅ ਦੀ ਲੋੜ ਹੈ? ਤਾਕਤ? ਵਚਨਬੱਧਤਾ? ਕਿਸਮਤ? ਵਿਸ਼ਵਾਸ? ਯਕੀਨ? ਗਾਲਿਬਨ, ਤੁਹਾਨੂੰ ਉੱਪਰ ਬਿਆਨ ਕੀਤੀਆਂ ਸਾਰੀਆਂ ਚੀਜ਼ਾਂ ਦੀ ਲੋੜ ਹੋਵੇਗੀ – ਪਰ ਸ਼ਾਇਦ ਓਨੀ ਮਾਤਰਾ ਵਿੱਚ ਨਹੀਂ ਜਿੰਨੀ ਤੁਸੀਂ ਕਲਪਨਾ ਕੀਤੀ ਹੈ। ਕਈ ਵਾਰ, ਸਾਨੂੰ ਆਪਣੇ ਦਿਲ ਦੀ ਇੱਛਾ ਪੂਰੀ ਕਰਨ ਲਈ ਆਪਣੀ ਪੂਰੀ ਸ਼ਕਤੀ ਲਗਾਉਣੀ ਪੈਂਦੀ ਹੈ। ਕਈ ਵਾਰ, ਸਾਨੂੰ ਕੇਵਲ ਉਂਗਲੀ ਮਾਤਰ ਉਠਾਉਣ ਦੀ ਹੀ ਲੋੜ ਹੁੰਦੀ ਹੈ। ਪਰ ਫ਼ਿਰ, ਜੇਕਰ ਤੁਸੀਂ ਆਪਣੇ ਮਨ ਅੰਦਰ ਲੋੜੋਂ ਵੱਧ ਨਿਰਾਸ਼ਾਵਾਦ ਰੱਖੋਗੇ ਤਾਂ ਉਂਗਲੀ ਦਾ ਉਠਾਉਣਾ ਵੀ ਇੱਕ ਥਕਾਊ ਅਤੇ ਵਿਅਰਥ ਦਾ ਕਾਰਜ ਲੱਗੇਗਾ। ਥੋੜ੍ਹੀ ਜਿੰਨੀ ਸਾਕਾਰਾਤਮਕ ਕੋਸ਼ਿਸ਼ ਤੁਹਾਡੇ ਬਹੁਤ ਕੰਮ ਆ ਸਕਦੀ ਹੈ।

ਜਦੋਂ ਕੋਈ ਕਾਰ ਖ਼ਰਾਬ ਹੋ ਜਾਂਦੀ ਹੈ, ਤੁਸੀਂ ਕਿਸੇ ਰੋਡ ਸਾਈਡ ਅਸਿਸਟੈਂਸ ਸਰਵਿਸ ਨੂੰ ਫ਼ੋਨ ਕਰਦੇ ਹੋ। ਪਰ ਜਦੋਂ ਟੋਅ ਟਰੱਕ ਖ਼ਰਾਬ ਹੋ ਜਾਂਦਾ ਹੋਵੇਗਾ ਤਾਂ ਉਸ ਨੂੰ ਕੋਣ ਟੋਅ ਕਰਦਾ ਹੋਵੇਗਾ? ਜੇਕਰ ਤੁਹਾਨੂੰ ਭਾਵਨਾਤਮਕ ਬੇਚੈਨੀ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਕਿਸੇ ਮਾਹਿਰ ਮਨੋਵਿਗਿਆਨੀ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ। ਪਰ ਥੈਰੇਪਿਸਟ ਨੂੰ ਥੈਰੇਪੀ ਕੌਣ ਦੇਂਦਾ ਹੋਵੇਗਾ? ਤੁਸੀਂ ਆਪਣੀ ਸਥਿਤੀ ਬਾਰੇ ਅਨਿਸ਼ਚਿਤਤਾ ਮਹਿਸੂਸ ਕਰ ਰਹੇ ਹੋ। ਤੁਸੀਂ ਠੀਕ ਉਸੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ ਜਿਸ ਵਿੱਚ ਤੁਸੀਂ ਕਈ ਵਾਰ ਦੂਸਰਿਆਂ ‘ਤੇ ਆਪਣੇ ਆਪ ਨੂੰ ਉਲਝਾਉਣ ਦਾ ਇਲਜ਼ਾਮ ਲਗਾਉਂਦੇ ਹੋ। ਤੁਹਾਡੇ ਮਾਣ ਨੂੰ ਥੋੜ੍ਹਾ ਭੁਗਤਣਾ ਪਿਆ ਹੋ ਸਕਦਾ ਹੈ, ਪਰ ਜਿਸ ਪ੍ਰਕਿਰਿਆ ਰਾਹੀਂ ਤੁਸੀਂ ਇਸ ਵਕਤ ਲੰਘ ਰਹੇ ਹੋ ਇਸ ਨਾਲ ਤੁਹਾਡੇ ਬਾਕੀ ਦੇ ਹਿੱਸੇ ਨੂੰ ਅੰਤ ਵਿੱਚ ਫ਼ਾਇਦਾ ਹੀ ਹੋਣ ਵਾਲਾ ਹੈ।

”ਤੁਸੀਂ ਸੰਪੂਰਨਤਾ ਵਿੱਚ ਸੁਧਾਰ ਕਿਵੇਂ ਕਰ ਸਕਦੇ ਹੋ?” ਇਹ, ਨਿਰਸੰਦੇਹ, ਉੱਚ ਕੋਟੀ ਦਾ ਇੱਕ ਅਕਾਦਮਿਕ ਸਵਾਲ ਹੈ। ਸੰਪੂਰਨਤਾ ਵਿੱਚ ਸੁਧਾਰ ਕਰਨਾ ਇਸ ਲਈ ਸੰਭਵ ਨਹੀਂ ਕਿਉਂਕਿ ਸੰਪੂਰਨਤਾ ਦੀ ਕੋਈ ਹੋਂਦ ਨਹੀਂ। ਕੀ ਤੁਸੀਂ ਲਗਭਗ ਸੰਪੂਰਨ ਵਿੱਚ ਸੁਧਾਰ ਕਰ ਸਕਦੇ ਹੋ? ਖ਼ੈਰ, ਇਹ ਇੱਕ ਘੁੰਡੀ ਵਾਲਾ ਸਵਾਲ ਹੈ। ਕਿਉਂਕਿ, ਹਕੀਕਤ ਵਿੱਚ, ਲਗਭਗ ਸੰਪੂਰਨ ਤੋਂ ਬਿਹਤਰ ਤੁਹਾਨੂੰ ਜੀਵਨ ਵਿੱਚ ਹੋਰ ਕੁੱਝ ਮਿਲ ਵੀ ਨਹੀਂ ਸਕਦਾ। ਜੇਕਰ ਤੁਸੀਂ ਉਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਉਸ ਨੂੰ ਖ਼ਰਾਬ ਕਰ ਬੈਠੋਗੇ। ਜਾਂ, ਦੂਸਰੇ ਸ਼ਬਦਾਂ ਵਿੱਚ ਕਹਿ ਲਈਏ, ਤੁਹਾਡੇ ਜੀਵਨ ਵਿੱਚ ਕੁਝ ਅਜਿਹੇ ਕਾਰਕ ਹਨ ਜਿਨ੍ਹਾਂ ਵਿੱਚ ਥੋੜ੍ਹੀ ਐਡਜਸਟਮੈਂਟ ਦੀ ਲੋੜ ਹੈ। ਪਰ, ਜਦੋਂ ਤਕ ਉਹ ਸੱਚਮੁੱਚ ਹੀ ਬਰਦਾਸ਼ਤ ਕਰਨ ਯੋਗ ਨਹੀਂ, ਉਨ੍ਹਾਂ ਨੂੰ ਉਂਝ ਹੀ ਕਬੂਲ ਕਰਨ ਵਿੱਚ ਸਿਆਣਪ ਹੈ ਜਿਹੋ ਜਿਹੇ ਉਹ ਹਨ।