ਬੌਲੀਵੁਡ ਦੇ ਦੋ ਸੁਪਰਸਟਾਰ ਅਮਿਤਾਭ ਬੱਚਨ ਅਤੇ ਸ਼ਾਹਰੁਖ਼ ਖ਼ਾਨ ਇੱਕ ਵਾਰ ਫ਼ਿਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਸੁਜਾਏ ਘੋਸ਼ ਦੁਆਰਾ ਨਿਰਦੇਸ਼ਿਤ ਅਗਲੀ ਫ਼ਿਲਮ ਬਦਲਾ ‘ਚ ਸ਼ਾਹਰੁਖ਼ ਅਤੇ ਅਮਿਤਾਭ ਦੀ ਜੋੜੀ ਮੁੜ ਅਦਾਕਾਰੀ ਦੇ ਜੌਹਰ ਦਿਖਾਏਗੀ। ਇਨ੍ਹਾਂ ਦੋਹਾਂ ਨਾਲ ਅਦਾਕਾਰਾ ਤਾਪਸੀ ਪੰਨੂ ਵੀ ਅਹਿਮ ਕਿਰਦਾਰ ‘ਚ ਨਜ਼ਰ ਆਵੇਗੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਹਰੁਖ਼ ਇਸ ਫ਼ਿਲਮ ‘ਚ ਸਿਰਫ਼ ਕੈਮਿਓ ਰੋਲ ਹੀ ਕਰੇਗਾ, ਪਰ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਕੈਮਿਓ ਰੋਲ ਨਹੀਂ ਬਲਕਿ ਪੂਰਾ ਕਿਰਦਾਰ ਨਿਭਾਉਣ ਵਾਲਾ ਹੈ।
ਇਸ ਫ਼ਿਲਮ ‘ਚ ਸ਼ਾਹਰੁਖ਼ ਤੇ ਤਾਪਸੀ ਦਾ ਰੋਲ ਪਤੀ-ਪਤਨੀ ਦਾ ਹੋਵੇਗਾ। ਇਹ ਫ਼ਿਲਮ ਇੱਕ ਕਤਲ ਦੀ ਕਹਾਣੀ ‘ਤੇ ਆਧਾਰਿਤ ਹੋਵੇਗੀ। ਇਸ ‘ਚ ਅਮਿਤਾਭ ਜਿੱਥੇ ਇੱਕ ਪੁਲਿਸ ਅਧਿਕਾਰੀ ਵਜੋਂ ਕਤਲ ਦੇ ਕੇਸ ਨੂੰ ਹੱਲ ਕਰਦਾ ਨਜ਼ਰ ਆਏਗਾ ਉੱਥੇ ਤਾਪਸੀ ਇੱਕ ਕਾਰੋਬਾਰੀ ਮਹਿਲਾ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਸ਼ਾਹਰੁਖ਼ ਫ਼ਿਲਮ ਜ਼ੀਰੋ ਦੇ ਰਿਲੀਜ਼ ਹੋਣ ਤੋਂ ਬਾਅਦ ਬਦਲਾ ਦੀ ਸ਼ੂਟਿੰਗ ਸ਼ੁਰੂ ਕਰੇਗਾ।
ਅਮਿਤਾਭ ਤੇ ਸ਼ਾਹਰੁਖ਼ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਕਰਨ ਜੌਹਰ ਦੀ ਫ਼ਿਲਮ ਕਭੀ ਖ਼ੁਸ਼ੀ ਕਭੀ ਗ਼ਮ ‘ਚ ਅਮਿਤਾਭ ਤੇ ਸ਼ਾਹਰੁਖ਼ ਨੇ ਪਿਉ-ਪੁੱਤ ਦੀ ਯਾਦਗਾਰੀ ਭੂਮਿਕਾ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਸਾਲ 2008 ‘ਚ ਆਈ ਫ਼ਿਲਮ ਭੂਤਨਾਥ ‘ਚ ਵੀ ਦੋਵੇਂ ਇਕੱਠੇ ਨਜ਼ਰ ਆਏ ਸਨ।
ਜ਼ਿਕਰਯੋਗ ਹੈ ਕਿ ਪਹਿਲਾਂ ਇਸ ਫ਼ਿਲਮ ‘ਚ ਅਮਿਤਾਭ ਨਾਲ ਸੰਜੀਦਾ ਅਦਾਕਾਰੀ ਨਿਭਾਉਣ ਲਈ ਜਾਣੇ ਜਾਂਦੇ ਨਸੀਰੂਦੀਨ ਸ਼ਾਹ ਦਾ ਨਾਂ ਸਾਹਮਣੇ ਆਇਆ ਸੀ। ਹੁਣ ਲਗਦਾ ਹੈ ਕਿ ਨਸੀਰੂਦੀਨ ਸ਼ਾਹ ਵਾਲਾ ਰੋਲ ਸ਼ਾਹਰੁਖ਼ ਖ਼ਾਨ ਨਿਭਾਏਗਾ। ਸ਼ਾਹਰੁਖ਼ ਅਗਲੇ ਸਾਲ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਵੀ ਕਰਨ ਵਾਲਾ ਹੈ। ਇਸ ਫ਼ਿਲਮ ‘ਚ ਆਪਣੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਹ ਅਮਰੀਕਾ ਤੋਂ ਪੁਲਾੜ ਬਾਰੇ ਟ੍ਰੇਨਿੰਗ ਵੀ ਲਏਗਾ।