ਜੋ ਕੁਝ ਵੀ ਇਸ ਵਕਤ ਵਾਪਰ ਰਿਹੈ, ਉਹ ਸਭ ਇਸ ਲਈ ਹੋ ਰਿਹੈ ਕਿਉਂਕਿ ਅਜਿਹਾ ਹੋਣਾ ਹੀ ਸੀ। ਤੁਸੀਂ ਇਸ ਨੂੰ ਵਾਪਰਣ ਤੋਂ ਰੋਕ ਨਹੀਂ ਸਕਦੇ। ਤੁਸੀਂ ਤਾਂ ਇਸ ‘ਤੇ ਇੰਨਾ ਦਬਾਅ ਵੀ ਨਹੀਂ ਪਾ ਸਕਦੇ ਕਿ ਇਹ ਥੋੜ੍ਹਾ ਜਿਹਾ ਵੱਖਰੇ ਅੰਦਾਜ਼ ਵਿੱਚ ਵਾਪਰੇ, ਪਰ ਫ਼ਿਰ ਵੀ ਤੁਸੀਂ ਇਸ ਵਕਤ ਤਾਕਤਵਰ ਸਥਿਤੀ ਵਿੱਚ ਹੋ। ਕਾਫ਼ੀ ਜ਼ਿਆਦਾ ਤਾਕਤਵਰ ਸਥਿਤੀ ਵਿੱਚ। ਇਹ ਚੁਣਨ ਦੀ ਤਾਕਤ ਤੁਹਾਡੇ ਹੱਥ ਵਿੱਚ ਹੈ ਕਿ ਜੋ ਕੁਝ ਹੋ ਰਿਹੈ ਤੁਸੀਂ ਉਸ ਨੂੰ ਕਬੂਲ ਕਰ ਕੇ, ਆਪਣੇ ਵਲੋਂ ਕੀਤੇ ਫ਼ੈਸਲੇ ਵਿੱਚ ਭਰੋਸਾ ਰੱਖ ਕੇ, ਉਸ ਅਨੁਸਾਰ ਆਪਣੇ ਆਪ ਨੂੰ ਢਾਲਣੈ ਜਾਂ ਫ਼ਿਰ ਤੁਸੀਂ ਉਸ ਦਾ ਵਿਰੋਧ ਕਰ ਕੇ ਉਸ ਨੂੰ ਰੋਕਣੈ, ਅਤੇ ਉਸ ਖ਼ਿਲਾਫ਼ ਬਗ਼ਾਵਤ ਦਾ ਬਿਗਲ ਵਜਾਣੈ। ਮੇਰੇ ਖ਼ਿਆਲ ਵਿੱਚ ਪਹਿਲੇ ਵਾਲਾ ਰਸਤਾ ਚੁਣਨ ਵਿੱਚ ਸਿਆਣਪ ਹੋਵੇਗੀ ਕਿਉਂਕਿ ਤੁਸੀਂ ਬਹੁਤ ਸਾਰੇ ਦਬਾਅ, ਤਨਾਅ ਅਤੇ ਅਜਾਈਂ ਗਵਾਈ ਜਾਣ ਵਾਲੀ ਸ਼ਕਤੀ ਕਾਰਨ ਆਪਣੇ ਅੰਦਰ ਪੈਦਾ ਹੋਣ ਵਾਲੇ ਖ਼ਲਾਅ ਤੋਂ ਆਪਣੇ ਆਪ ਨੂੰ ਬਚਾਅ ਲਓਗੇ।
ਮੈਂ ਇੱਥੇ ਬੈਠ ਕੇ ਇਹ ਸਭ ਤੁਹਾਡੇ ਲਈ ਕਿਉਂ ਲਿਖਾਂ ਜੇ ਤੁਸੀਂ ਉੱਥੇ ਬੈਠ ਕੇ ਮੇਰੇ ਵਲੋਂ ਲਿਖੇ ਹਰ ਲਫ਼ਜ਼ ਦੀ ਨੁਕਤਾਚੀਨੀ ਹੀ ਕਰਨੀ ਹੈ? ਤੁਸੀਂ ਇਸ ਵਕਤ ਕਿਸੇ ਕੋਲੋਂ ਕੋਈ ਵੀ ਗੱਲ ਸੁਣਨ ਦੇ ਮੂਡ ਵਿੱਚ ਬਿਲਕੁਲ ਨਹੀਂ। ਤੁਹਾਡਾ ਮਨ ਹੈ ਢੇਰ ਸਾਰੇ ਅਨੁਮਾਨਾਂ ਦੇ ਆਧਾਰ ‘ਤੇ ਬਹੁਤ ਸਾਰੇ ਰਿਵਾਜਾਂ ਬਾਰੇ ਸਵਾਲ ਖੜ੍ਹੇ ਕਰਨ ਦਾ। ਦੂਸਰੇ ਲੋਕ ਵੀ, ਜਿਹੜੇ ਜ਼ਿੰਦਗੀ ਦੀ ਕਤਾਰ ਵਿੱਚ ਤੁਹਾਡੇ ਨਾਲ ਹੀ ਲਾਈਨ ਵਿੱਚ ਲੱਗੇ ਹੋਏ ਹਨ, ਤੁਹਾਡੇ ਖ਼ਿਆਲਾਤ ਸੁਣਨ ਜਾਂ ਤੁਹਾਡੀਆਂ ਯੋਜਨਾਵਾਂ ਵਿੱਚ ਸਹਿਯੋਗ ਦੇਣ ਦੇ ਬਹੁਤੇ ਕਾਇਲ ਨਹੀਂ ਲੱਗਦੇ। ਕੀ ਹੁਣ ਤੁਸੀਂ ਇੱਕ ਚੰਗੀ ਖ਼ਬਰ ਸੁਣਨਾ ਚਾਹੋਗੇ? ਤਨਾਅ ਭਰਪੂਰ ਵਕਤ ਵੀ ਛੇਤੀ ਹੀ ਗੁਜ਼ਰ ਜਾਵੇਗਾ, ਅਤੇ ਬਿਹਤਰੀਨ ਸਮਾਂ ਤੁਹਾਡੇ ਇੰਤਜ਼ਾਰ ਵਿੱਚ ਹੋਵੇਗਾ।
ਜਦੋਂ ਤੁਸੀਂ ਕੋਈ ਡੂੰਘਾ, ਤੇਜ਼ ਵਗਦਾ ਦਰਿਆ, ਇੱਕ ਇੱਕ ਪੱਥਰ ਰੱਖ ਕੇ ਪਾਰ ਕਰ ਰਹੇ ਹੋਵੋ ਤਾਂ ਦੂਸਰੇ ਕੰਢੇ ‘ਤੇ ਆਪਣੀਆਂ ਨਿਗਾਹਾਂ ਟਿਕਾਈ ਰੱਖਣਾ ਬਹੁਤ ਲਲਚਾਵਾਂ ਹੁੰਦੈ। ਉਹੀ ਤਾਂ, ਆਖ਼ਿਰਕਾਰ, ਉਹ ਸਥਾਨ ਹੈ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ। ਉਹੀ ਤਾਂ ਉਹ ਜਗ੍ਹਾ ਹੈ ਜਿੱਥੇ ਪਹੁੰਚ ਕੇ ਤੁਸੀਂ ਇੱਕ ਵਾਰ ਫ਼ਿਰ ਸੁਰੱਖਿਅਤ ਮਹਿਸੂਸ ਕਰੋਗੇ। ਪਰ ਜੇ ਤੁਸੀਂ ਹੇਠਾਂ ਆਪਣੇ ਪੈਰਾਂ ਵੱਲ ਨਾ ਦੇਖਿਆ ਤਾਂ ਤੁਸੀਂ ਬਹੁਤੀ ਦੂਰ ਨਹੀਂ ਪਹੁੰਚ ਸਕੋਗੇ। ਕੀ ਤੁਸੀਂ ਆਪਣੇ ਪੈਰਾਂ ਨੂੰ ਉਨ੍ਹਾਂ ਛੋਟੇ ਛੋਟੇ ਪੱਥਰਾਂ ਉੱਪਰ ਸਹੀ ਜਗ੍ਹਾ ‘ਤੇ ਰੱਖ ਰਹੇ ਹੋ? ਕੀ ਤੁਸੀਂ ਇਹ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਤੁਸੀਂ ਆਪਣਾ ਅਗਲਾ ਕਦਮ ਕਿੱਥੇ ਰੱਖਣੈ? ਵਿਸਥਾਰ ਵਿੱਚ ਹੀ ਤਾਂ ਵਿਗਾੜ ਹੈ – ਪਰ ਜੇ ਤੁਸੀਂ ਆਪਣਾ ਧਿਆਨ ਚੰਗੀ ਤਰ੍ਹਾਂ ਕੇਂਦ੍ਰਿਤ ਕਰ ਸਕੋ ਤਾਂ ਤੁਹਾਡਾ ਅਗਲਾ ਕਦਮ ਕਿਸੇ ਜੰਨਤ ਵਰਗੇ ਸਥਾਨ ‘ਤੇ ਵੀ ਪੈ ਸਕਦੈ। ਜੋ ਤੁਹਾਡੇ ਸਾਹਮਣੇ ਹੈ ਪਹਿਲਾਂ ਉਸ ਨਾਲ ਨਜਿੱਠ ਲਵੋ, ਅਤੇ ਤੁਸੀਂ ਉੱਥੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਪਹੁੰਚਣਾ ਚਾਹੀਦੈ।
ਜੇ ਹਥਿਆਰਾਂ ਦਾ ਪੂਰਾ ਜ਼ਖ਼ੀਰਾ ਵੀ ਤੁਹਾਨੂੰ ਦੇ ਦਿੱਤਾ ਜਾਵੇ, ਪਰ ਹਥਿਆਰਾਂ ਦੀ ABC ਤੁਹਾਨੂੰ ਆਉਂਦੀ ਨਾ ਹੋਵੇ ਤਾਂ ਜੰਗ ਜਿੱਤਣ ਵਿੱਚ ਉਹ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਇਸ ਦੇ ਉਲਟ, ਜੇਕਰ ਤੁਹਾਡਾ ਨਿਸ਼ਾਨਾ ਪੱਕਾ ਹੈ ਅਤੇ ਤੁਸੀਂ ਆਪਣਾ ਟੀਚਾ ਸਾਵਧਾਨੀ ਨਾਲ ਚੁਣਿਐ ਤਾਂ ਤੁਸੀਂ ਜੋ ਹਾਸਿਲ ਕਰਨਾ ਚਾਹੁੰਦੇ ਹੋ ਉਸ ਨੂੰ ਇੱਕ ਹੀ ਵਾਰ ‘ਚ ਫ਼ੁੰਡ ਸਕਦੇ ਹੋ। ਸਫ਼ਲਤਾ ਮਿਲਣ ਦੇ ਬਹੁਤ ਸਾਰੇ ਕਾਰਨ ਮੌਜੂਦ ਹਨ। ਨਿਰਣਾਇਕ ਢੰਗ ਨਾਲ ਜਿੱਤਣ ਲਈ, ਪਰ, ਤੁਹਾਨੂੰ ਅਕਲਮੰਦੀ ਅਤੇ ਮੁਸਤੈਦੀ ਤੋਂ ਕੰਮ ਲੈਣਾ ਪਵੇਗਾ। ਇਸ ਦੇ ਨਾਲ ਨਾਲ, ਤੁਹਾਨੂੰ ਸਹੀ ਮੌਕਾ ਦੇਖ ਕੇ ਪ੍ਰਹਾਰ ਕਰਨਾ ਪਵੇਗਾ ਜਿਸ ਲਈ ਸਾਵਧਾਨ ਟਾਈਮਿੰਗ ਦਰਕਾਰ ਹੋਵੇਗੀ। ਤੁਸੀਂ ਕਿਸੇ ਪਰੇਸ਼ਾਨ ਕਰਨ ਵਾਲੀ, ਪਰ ਅੰਤ ਵਿੱਚ ਵਿਅਰਥ ਦੀ ਧਿਆਨ ਵੰਡਾਊ, ਭਟਕਣ ਨੂੰ ਖ਼ੁਦ ਨੂੰ ਵਿਚਲਿਤ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ।
ਕੁਝ ਹੱਦ ਤਕ, ਅਸੀਂ ਸਾਰੇ ਆਪੋ ਆਪਣੇ ਅਤੀਤ ਦੀ ਪੈਦਾਵਰ ਹਾਂ। ਜੋ ਕੁਝ ਅਸੀਂ ਹੰਢਾਇਆ ਹੁੰਦੈ, ਉਹੀ ਸਾਨੂੰ ਉਹ ਬਣਾਉਂਦੈ ਜੋ ਅੱਜ ਅਸੀਂ ਹਾਂ। ਕਈ ਵਾਰ, ਪਰ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਕਿਨ੍ਹਾਂ ਚੀਜ਼ਾਂ ਵਿੱਚੋਂ ਲੰਘ ਕੇ ਕਿੱਥੇ ਪੁੱਜੇ ਸਾਂ ਅਤੇ ਆਪਣੇ ਦਿਮਾਗ਼ੀ ਬੈਂਕਾਂ ਵਿੱਚ ਪਈਆਂ ਪੁਰਾਣੀਆਂ ਯਾਦਾਂ ਵਿੱਚੋਂ ਕੁਝ ਕੁ ਨੂੰ ਚੁਣ ਲੈਂਦੇ ਹਾਂ। ਗੁਜ਼ਰੇ ਹੋਏ ਵਕਤ ਉੱਪਰ ਮਹੀਨ ਪਰਦਾ ਪਾਉਣ ਦੀ ਕੋਸ਼ਿਸ਼ ਵਿੱਚ, ਅਸੀਂ ਆਪਣੇ ਆਪ ਨੂੰ ਉਸ ਚੇਤੇ ਨਾਲੋਂ ਵੀ ਕੱਟ ਸਕਦੇ ਹਾਂ ਜਿਸ ਦੀ ਸਾਨੂੰ ਕਿਸੇ ਮਾਮਲੇ ਦੇ ਸੰਦਰਭ ਨੂੰ ਸਮਝਣ ਲਈ ਸਖ਼ਤ ਲੋੜ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਭਵਿੱਖ ਲਈ ਸਭ ਤੋਂ ਵਧੀਆ ਰਸਤਾ ਚੁਣਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਅਤੀਤ ਨੂੰ ਬਹਾਦਰੀ ਅਤੇ ਸਪੱਸ਼ਟਤਾ ਨਾਲ ਵਿਚਾਰੋ।