ਅੰਗ੍ਰੇਜ਼ੀ ਭਾਸ਼ਾ ਵਿੱਚ ਇੱਕ ਮਹਾਵਰਾ ਹੈ, ”A watched pot never boils,” ਜਿਸ ਦਾ ਸ਼ਾਬਦਿਕ ਅਰਥ ਹੈ, ”ਜਿਸ ਪਤੀਲੇ ਦੀ ਅਸੀਂ ਬਹੁਤ ਜ਼ਿਆਦਾ ਨਿਗਰਾਨੀ ਰੱਖਦੇ ਹਾਂ, ਉਹ ਕਦੇ ਵੀ ਉਬਲਦਾ ਨਹੀਂ। ਦੂਸਰੇ ਸ਼ਬਦਾਂ ਵਿੱਚ, ਇੰਤਜ਼ਾਰ ਵਕਤ ਨੂੰ ਵੀ ਪਹਾੜ ਬਣਾ ਦਿੰਦਾ ਹੈ। ਪਰ ਇਹ ਅਖਾਣ ਹਕੀਕਤ ਦੇ ਕਿੰਨਾ ਕੁ ਨੇੜੇ ਹੈ? ਅਸੀਂ ਇਸ ਮੁਹਾਵਰੇ ਦਾ ਨਿਚੋੜ ਇਹ ਤਾਂ ਨਹੀਂ ਕੱਢ ਸਕਦੇ ਕਿ ਜਿਸ ਪਤੀਲੇ ਵੱਲ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਜਾਂ ਜਿਸ ਨੂੰ ਅਸੀਂ ਅਣਗੌਲਿਆ ਕਰੀ ਰੱਖਦੇ ਹਾਂ, ਉਹ ਜ਼ਿਆਦਾ ਛੇਤੀ ਗਰਮ ਹੋ ਜਾਂਦਾ ਹੈ ਜਾਂ ਸਟੋਵ ਤੋਂ ਹੀ ਡਿਗ ਪੈਂਦੈ। ਜਾਂ ਉਸ ਪਤੀਲੇ ਵਿੱਚ ਉਬਾਲ ਤਾਂ ਆ ਜਾਂਦੈ, ਪਰ ਉਹ ਕਦੇ ਵੀ ਉਬਲ ਕੇ ਡੁਲ੍ਹਦਾ ਨਹੀਂ। ਮੇਰਾ ਖ਼ਿਆਲ ਹੈ ਕਿ ਇਸ ਪ੍ਰਾਚੀਨ ਕਹਾਵਤ ਦੇ ਲੇਖਕ ਅਸਲ ਵਿੱਚ ਇਹ ਕਹਿਣ ਦੀ ਕਸ਼ਿਸ਼ ਕਰ ਰਹੇ ਸਨ ਕਿ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਪਤੀਲੇ ਦੇ ਉਬਲਣ ਵੱਲ ਧਿਆਨ ਦੇਣ ਅਤੇ ਉਸ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰਨ ਦਰਮਿਆਨ ਤਵਾਜ਼ਨ ਕਿਵੇਂ ਬਣਾਉਂਦੇ ਹੋ! ਕੋਈ ਧੀਮੀ ਪ੍ਰਕਿਰਿਆ ਵੀ ਅੰਤ ਵਿੱਚ ਇੱਕ ਮਹਾਨ ਉਪਲਬਧੀ ਸਾਬਿਤ ਹੋ ਸਕਦੀ ਹੈ। ਕਾਹਲੇ ਪੈਣ ਜਾਂ ਬੇਸਬਰੇ ਹੋਣ ਦੀ ਬਜਾਏ ਤੁਹਾਨੂੰ ਆਪਣੀ ਰਫ਼ਤਾਰ ਕਾਇਮ ਰੱਖਣ ਦੀ ਲੋੜ ਹੈ। ਚੇਤੇ ਰੱਖੋ, ਸਹਿਜ ਪਕੇ ਸੋ ਮੀਠਾ ਹੋਏ!

ਜਿਹੜੀ ਸ਼ੈਅ ਤੁਸੀਂ ਸੋਚਦੇ ਹੋ ਤੁਹਾਨੂੰ ਚਾਹੀਦੀ ਹੈ, ਉਹ ਤੁਹਾਨੂੰ ਕਿੰਨੀ ਕੁ ਬੁਰੀ ਤਰ੍ਹਾਂ ਲੋੜੀਂਦੀ ਹੈ? ਤੁਸੀਂ ਸਮਝੌਤਾ ਕਰਨ ਲਈ ਕਿੰਨੇ ਤਿਆਰ ਹੋ? ਤੁਸੀਂ ਕਿੰਨੀ ਤਕਲੀਫ਼ ਜਾਂ ਅਸੁਵਿਧਾ ਜਰ ਸਕਦੇ ਹੋ? ਤੁਸੀਂ ਆਪਣੇ ਮਨ ਅੰਦਰ ਅਜਿਹਾ ਕਰਨ ਦਾ ਇਰਾਦਾ ਹੋਣ ਦਾ ਦਾਅਵਾ ਉਸ ਵੇਲੇ ਤਕ ਨਹੀਂ ਕਰ ਸਕਦੇ ਜਦੋਂ ਤਕ ਤੁਸੀਂ ਉਸ ਨੂੰ ਕਰਨ ਲਈ ਵਾਕਈ ਤਿਆਰ ਨਾ ਹੋਵੋ। ਇਸ ਸੰਸਾਰ ਵਿੱਚ ਖ਼ਾਲੀ ਸੰਕੇਤਾਂ ਜਾਂ ਭਾਵ ਵਿਅਕਤ ਕਰਨ ਦੀ ਕੋਈ ਅਹਿਮੀਅਤ ਨਹੀਂ। ਲੱਗਦਾ ਇੰਝ ਹੈ ਕਿ ਜਿੰਨਾ ਇਸ ਵਕਤ ਤੁਸੀਂ ਡਰ ਰਹੇ ਹੋ, ਤੁਹਾਨੂੰ ਉਸ ਦੇ ਲਾਗੇ ਚਾਗੇ ਵੀ ਜਾਣਾ ਨਹੀਂ ਪੈਣਾ। ਦਰਅਸਲ, ਉਸ ਤੋਂ ਅੱਧਾ ਵੀ ਨਹੀਂ। ਸਿਰਫ਼ ਆਪਣੀ ਦ੍ਰਿੜਤਾ ਦਾ ਐਲਾਨ ਅਤੇ ਦਿਆਨਤਦਾਰੀ ਦਾ ਮੁਜ਼ਾਹਰਾ ਕਰਨ ਨਾਲ, ਤੁਸੀਂ ਇੱਕ ਉੱਤਮ ਪ੍ਰਕਿਰਿਆ ਸ਼ੁਰੂ ਕਰ ਸਕਦੇ ਹੋ।

ਮੈਨੂੰ ਯਕੀਨ ਹੈ ਤੁਹਾਨੂੰ ਚੇਤੇ ਹੋਵੇਗਾ, ਮੈਂ ਤੁਹਾਨੂੰ ਵਿਸ਼ਵਾਸ ਭਰੀ ਇੱਕ ਲੰਬੀ ਪੁਲਾਂਘ ਪੁੱਟਣ ਦੀ ਸਲਾਹ ਹਮੇਸ਼ਾ ਦਿੰਦਾ ਆਇਆਂ। ਸ਼ਾਇਦ ਮੈਨੂੰ ਤੁਹਾਨੂੰ ਇਹ ਚੇਤਾਵਨੀ ਵੀ ਦੇ ਦੇਣੀ ਚਾਹੀਦੀ ਸੀ ਕਿ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਨਿਸ਼ਚਿਤ ਰੂਪ ਵਿੱਚ ਤੁਸੀਂ ਵਿਵਾਦਾਂ ਨੂੰ ਜਨਮ ਦੇ ਬੈਠੋਗੇ। ਕਿਉਂ? ਕਿਉਂਕਿ ਕੁੱਝ ਲੋਕ ਹਿੰਮਤ ਜਾਂ ਤਾਕਤ ਦਾ ਮੁਜ਼ਾਹਰਾ ਬਿਲਕੁਲ ਵੀ ਪਸੰਦ ਨਹੀਂ ਕਰਦੇ। ਜਿਉਂ ਹੀ ਉਨ੍ਹਾਂ ਨੂੰ ਜਾਪਦਾ ਹੈ ਕਿ ਕੋਈ ਨਿਰਣਾਇਕ ਢੰਗ ਨਾਲ ਕਾਰਜਸ਼ੀਲ ਹੋਣ ਦਾ ਯਤਨ ਕਰ ਰਿਹੈ ਤਾਂ ਉਹ ਇਹ ਦਲੀਲ ਦੇਣੀ ਸ਼ੁਰੂ ਕਰ ਦਿੰਦੇ ਹਨ ਕਿ ਕਿਉਂ ਕੋਈ ਵੱਖਰਾ ਫ਼ੈਸਲਾ ਲਿਆ ਗਿਆ ਹੋਣਾ ਚਾਹੀਦਾ ਸੀ। ਜੇ ਤੁਸੀਂ ਚਾਹੋ ਤਾਂ ਜਿਹੜੇ ਲੋਕ ਤੁਹਾਡੀ ਨੁਕਤਾਚੀਨੀ ਕਰ ਰਹੇ ਹਨ, ਤੁਸੀਂ ਉਨ੍ਹਾਂ ਨਾਲ ਨਰਮੀ ਨਾਲ ਗੱਲਬਾਤ ਕਰਨ ਦਾ ਫ਼ੈਸਲਾ ਵੀ ਕਰ ਸਕਦੇ ਹੋ, ਪਰ ਉਨ੍ਹਾਂ ਨੂੰ ਆਪਣੀ ਕਾਬਲੀਅਤ ਪ੍ਰਭਾਵਿਤ ਕਰਨ ਦੀ ਇਜਾਜ਼ਤ ਹਰਗਿਜ਼ ਨਾ ਦਿਆ ਜੇ।

ਆਇਨਸਟਾਇਨ ਨੂੰ ਸਾਪੇਖਤਾ ਦਾ ਸਿਧਾਂਤ ਜਾਂ ਥਿਊਰੀ ਔਫ਼ ਰੈਲੇਟੇਵਿਟੀ ਤਿਆਰ ਕਰਨ ਵਿੱਚ ਬਹੁਤੀ ਮੁਸ਼ਕਿਲ ਤਾਂ ਪੇਸ਼ ਨਹੀਂ ਆਈ ਹੋਣੀ ਕਿਉਂਕਿ ਅਜਿਹੇ ਸਵਾਲਾਂ ਦਾ ਜਵਾਬ ਲੱਭਣਾ ਹੀ ਤਾਂ ਉਸ ਦਾ ਪੇਸ਼ਾ ਸੀ। ਇੱਕ ਭੌਤਿਕ ਵਿਗਿਆਨੀ ਹੋਣ ਦੇ ਨਾਤੇ, ਉਹ ਅਜਿਹੇ ਮਸਲਿਆਂ ਨਾਲ ਨਜਿੱਠਣ ਲਈ ਸਿਖਿਅਤ ਸੀ, ਅਤੇ ਉਸ ਦਾ ਦਿਮਾਗ਼ ਵੀ ਅਜਿਹਾ ਸੀ ਜਿਹੜਾ ਅਜਿਹੀਆਂ ਮੁਸ਼ਕਿਲਾਂ ਸਾਹਵੇਂ ਖ਼ੂਬ ਚਲਦਾ ਸੀ। ਕੁੱਝ ਚੀਜ਼ਾਂ ਸਾਨੂੰ ਕੁਦਰਤੀ ਤੌਰ ‘ਤੇ ਹੀ ਕਰਨੀਆਂ ਆਉਂਦੀਆਂ ਹੁੰਦੀਆਂ ਹਨ, ਅਤੇ ਉਨ੍ਹਾਂ ਸ਼ੈਵਾਂ ਨੂੰ ਕਰਨ ਵੇਲੇ ਅਸੀਂ ਸਾਰੇ ਹੀ ਆਪਣੀ ਬੁੱਧੀਮਾਨੀ ਦੀਆਂ ਲਿਸ਼ਕੋਰਾਂ ਦਿਖਾ ਸਕਦੇ ਹਾਂ। ਚੁਣੌਤੀਆਂ, ਪਰ, ਸਾਥੋਂ ਜ਼ਿੰਦਗੀ ਦੇ ਉਨ੍ਹਾਂ ਖੇਤਰਾਂ ਵਿੱਚ ਕੰਮ ਲੈਣਾ ਚਾਹੁੰਦੀਆਂ ਹਨ ਜਿੱਥੇ ਪਹੁੰਚ ਕੇ ਸਾਡਾ ਸਾਹ-ਸੱਤ ਹੀ ਮੁੱਕਣ ਵਾਲਾ ਹੋ ਜਾਂਦੈ।

ਅਸੀਂ ਅਕਸਰ ਆਪਣੇ ਆਪ ਨੂੰ ਛੋਟੇ ਅਤੇ ਬੇਸਹਾਰਾ ਸਮਝਦੇ ਹਾਂ; ਇੰਝ ਜਿਵੇਂ ਸਾਡੀ ਕਿਸਮਤ ਵਿੱਚ ਜ਼ਿੰਦਗੀ ਛੋਟੇ ਛੋਟੇ ਚੱਕਰਾਂ ਵਿੱਚ ਗੋਲ ਗੋਲ ਘੁੰਮ ਕੇ ਬਿਤਾਉਣੀ ਹੀ ਲਿਖੀ ਹੋਵੇ … ਕਈ ਵਾਰ ਤਾਂ ਇਸ ਹੱਦ ਤਕ ਕਿ ਦੇਖਣ ਵਿੱਚ ਵੀ ਉਹ ਇੱਕ ਮਜ਼ਾਕ ਹੀ ਪ੍ਰਤੀਤ ਹੁੰਦੀ ਹੈ। ਹਿੰਮਤੀ ਅਤੇ ਮਾਣਮੱਤਾ ਮਹਿਸੂਸ ਕਰਨ ਦੇ ਬਾਵਜੂਦ ਅਸੀਂ ਕਦੇ ਕਦੇ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਸੋਚ ਸੌੜੀ ਕਰ ਬੈਠਦੇ ਹਾਂ ਜਾਂ ਆਪਣੇ ਆਪ ਨੂੰ ਇਹ ਸਮਝਾ ਕੇ ਅਸੀਂ ਕਿਸੇ ਕੰਮ ਨੂੰ ਤਿਆਗ ਦਿੰਦੇ ਹਾਂ ਕਿ ਉਸ ਨੂੰ ਕਰਨਾ ਅਸੰਭਵ ਹੈ। ਅਕਸਰ, ਕੋਈ ਸ਼ਕਤੀਸ਼ਾਲੀ ਜਾਂ ਇੱਥੋਂ ਤਕ ਕਿ ਕੁੱਝ ਹੱਦ ਤਕ ਚਿੰਤਾਜਨਕ ਘਟਨਾ ਸਾਨੂੰ ਸਾਡੇ ਅਜਿਹੇ ਝੂਠੇ ਦ੍ਰਿਸ਼ਟੀਕੋਣ ਵਿੱਚੋਂ ਹਲੂਣ ਕੇ ਬਾਹਰ ਕੱਢ ਦਿੰਦੀ ਹੈ। ਸਾਨੂੰ ਸਾਡੀ ਕਾਬਲੀਅਤ ਦਾ ਅਹਿਸਾਸ ਕੇਵਲ ਉਸ ਵਕਤ ਹੁੰਦਾ ਹੈ ਜਦੋਂ ਅਸੀਂ ਮੁਸ਼ਕਿਲਾਂ ਵਿੱਚ ਨੂੜੇ ਪਏ ਹੁੰਦੇ ਹਾਂ। ਆਪਣੀ ਅਸਲੀ ਛੁਪੀ ਹੋਈ ਤਾਕਤ ਨੂੰ ਖੋਜੋ ਅਤੇ ਉਸ ਨੂੰ ਖੁਲ੍ਹਾ ਛੱਡੋ!