ਹਾਲ ਹੀ ‘ਚ ਸੁਨੀਲ ਗਰੋਵਰ ਨੇ ਕਿਹਾ ਹੈ ਕਿ ਸਲਮਾਨ ਖ਼ਾਨ ਇੱਕ ਅਨੁਸ਼ਾਸਿਤ ਕਲਾਕਾਰ ਹੈ। ਉਹ ਇੱਕੋ ਸਮੇਂ ਕਈ ਕੰਮ ਇਕੱਠੇ ਕਰ ਲੈਂਦਾ ਹੈ। ਇੱਕ ਪਾਸੇ ਜਿੱਥੇ ਉਹ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝਾ ਹੋਇਐ ਉੱਥੇ ਹੀ ਉਹ 2032 ‘ਚ ਸਾਈਨ ਕਰਨ ਵਾਲੀ ਫ਼ਿਲਮ ਦੀ ਸਕ੍ਰਿਪਟ ਵੀ ਪੜ੍ਹ ਰਿਹੈ …
ਸਲਮਾਨ ਹੈ ਇੱਕ ਅਨੁਸ਼ਾਸਿਤ ਕਲਾਕਾਰ – ਸੁਨੀਲ ਗਰੋਵਰ
ਅਲੀ ਅੱਬਾਸ ਜ਼ਫ਼ਰ ਦੁਆਰਾ ਨਿਰਦੇਸ਼ਤ ਫ਼ਿਲਮ ਭਾਰਤ ‘ਚ ਕੰਮ ਕਰ ਰਹੇ ਕੌਮੇਡੀਅਨ ਸੁਨੀਲ ਗਰੋਵਰ ਦਾ ਕਹਿਣਾ ਹੈ ਕਿ ਉਸ ਨੇ ਫ਼ਿਲਮ ਇੰਡਸਟਰੀ ‘ਚ ਸਲਮਾਨ ਖ਼ਾਨ ਵਰਗਾ ਅਨੁਸ਼ਾਸਿਤ ਕਲਾਕਾਰ ਹੋਰ ਨਹੀਂ ਦੇਖਿਆ। ਸੁਨੀਲ ਨੇ ਬੀਤੇ ਦਿਨੀਂ ਇੰਡੀਅਨ ਟੈਲੀਵਿਯਨ ਅਕੈਡਮੀ (ITA) ਦੇ ਇੱਕ ਪ੍ਰੋਗਰਾਮ ਦੌਰਾਨ ਇਹ ਗੱਲ ਆਖੀ।
ਪਹਿਲੀ ਵਾਰ ਸਲਮਾਨ ਨਾਲ ਫ਼ਿਲਮ ਭਾਰਤ ਵਿੱਚ ਕੰਮ ਕਰ ਰਹੇ ਸੁਨੀਲ ਨੇ ਕਿਹਾ, ”ਮੈਂ ਸਲਮਾਨ ਵਰਗਾ ਅਨੁਸ਼ਾਸਿਤ ਵਿਅਕਤੀ ਅਤੇ ਕਲਾਕਾਰ ਨਹੀਂ ਦੇਖਿਆ। ਉਹ ਇੱਕੋ ਵੇਲੇ ਬਹੁਤ ਸਾਰੇ ਕੰਮ ਕਰ ਲੈਂਦਾ ਹੈ। ਉਹ ਆਪਣੀ ਮੌਜੂਦਾ ਫ਼ਿਲਮ ਦੀ ਸ਼ੂਟਿੰਗ ਕਰਦਾ ਹੈ ਤਾਂ ਨਾਲ ਹੀ 2032 ‘ਚ ਸਾਈਨ ਕੀਤੀ ਜਾਣ ਵਾਲੀ ਫ਼ਿਲਮ ਦੀ ਸਕ੍ਰਿਪਟ ਵੀ ਸੁਣ ਰਿਹਾ ਹੁੰਦਾ ਹੈ।”
ਸੁਨੀਲ ਨੇ ਕਿਹਾ, ”ਉਹ ਬਹੁਤ ਹੀ ਰੁੱਝਿਆ ਹੋਇਆ ਕਲਾਕਾਰ ਹੈ। ਉਹ ਟੈਲੀਵਿਯਨ, ਟ੍ਰੈਵਲਿੰਗ ਅਤੇ ਆਪਣੀ ਚੈਰੀਟੇਬਲ ਸੰਸਥਾ ਬੀਇੰਗ ਹਿਊਮਨ ਦਾ ਕੰਮ ਵੀ ਨਾਲ-ਨਾਲ ਦੇਖਦਾ ਹੈ। ਇਸ ਤੋਂ ਇਲਾਵਾ ਉਹ ਹਰ ਰੋਜ਼ ਦੋ ਘੰਟੇ ਜਿੰਮ ‘ਚ ਗੁਜ਼ਾਰਦਾ ਹੈ। ਕੁੱਝ ਦਿਨ ਪਹਿਲਾਂ ਮੈਂ ਦੇਖਿਆ ਕਿ ਕਸਰਤ ਕਰਦੇ ਹੋਏ ਉਸ ਦੀ ਪੱਸਲੀ ਫ਼੍ਰੈਕਚਰ ਹੋ ਗਈ, ਪਰ ਤੀਸਰੇ ਦਿਨ ਉਸ ਨੇ ਮੁੜ ਜਿੰਮ ‘ਚ ਕਸਰਤ ਸ਼ੁਰੂ ਕਰ ਦਿੱਤੀ। ਮੈਂ ਉਸ ਨੂੰ ਕਸਰਤ ਕਰਦੇ ਦੇਖਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਉਹ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਹੈ।”
ਫ਼ਿਲਮ ਭਾਰਤ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ। ਇਸ ‘ਚ ਸਲਮਾਨ ਨਾਲ ਕੈਟਰੀਨਾ ਕੈਫ਼, ਤੱਬੂ, ਸੁਨੀਲ ਗਰੋਵਰ, ਨੋਰਾ ਫ਼ਤੇਹੀ ਅਤੇ ਦਿਸ਼ਾ ਪਟਾਨੀ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ‘ਚ ਸਲਮਾਨ 18 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਤਕ ਦੀ ਦਿੱਖ ‘ਚ ਨਜ਼ਰ ਆਵੇਗਾ। ਸਲਮਾਨ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਉਹ ਖ਼ੁਦ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਨਾਲ ਇਸ ਦੀ ਸ਼ੂਟਿੰਗ ਨੂੰ ਲੈ ਕੇ ਹਰ ਇੱਕ ਪੱਖ ਨੂੰ ਮੁੱਖ ਰੱਖਦਿਆਂ ਸਲਾਹ ਮਸ਼ਵਰਾ ਕਰ ਰਿਹਾ ਹੈ।
ਸਲਮਾਨ ਨੇ ਅਲੀ ਨੂੰ ਇਹ ਵੀ ਕਿਹਾ ਸੀ ਕਿ ਫ਼ਿਲਮ ਨੂੰ ਚੰਗੀ ਬਣਾਉਣ ਲਈ ਜੇ ਉਸ ਦਾ ਰੋਲ ਛੋਟਾ ਕਰਨਾ ਪਏ ਤਾਂ ਵੀ ਕੋਈ ਹਰਜ਼ ਨਹੀਂ। ਸੂਤਰਾਂ ਮੁਤਾਬਿਕ, ਸਲਮਾਨ ਆਪਣੇ ਸਟਾਰਡਰਮ ਨੂੰ ਬਣਾਈ ਰੱਖਣ ਲਈ ਐਨੀ ਮਿਹਨਤ ਕਰ ਰਿਹਾ ਹੈ। ਵੈਸੇ ਇਸ ਸਾਲ ਸਲਮਾਨ ਖ਼ਾਨ ਨੂੰ ਤੀਜੀ ਵਾਰ ਭਾਰਤ ਦੇ ਸਭ ਤੋਂ ਵੱਧ ਪੈਸੇ ਕਮਾਉਣ ਵਾਲੇ ਸਲੈਬ੍ਰਿਟੀ ਦਾ ਖ਼ਿਤਾਬ ਮਿਲਿਆ। ਸਾਲ 2018 ‘ਚ ਉਸ ਨੇ ਸਭ ਤੋਂ ਵੱਧ, ਲਗਭਗ 253 ਕਰੋੜ ਰੁਪਏ ਦੇ ਕਰੀਬ, ਕਮਾਈ ਕੀਤੀ ਸੀ