ਇਸ ਸਾਲ ਨਵਾਜ਼ੂਦੀਨ ਸਿੱਦੀਕੀ ਦੀ ਫ਼ਿਲਮ ਮੰਟੋ ਰਿਲੀਜ਼ ਹੋਈ ਜਿਸ ‘ਚ ਉਸ ਨੇ ਸਆਦਤ ਹਸਨ ਮੰਟੋ ਦਾ ਕਿਰਦਾਰ ਨਿਭਾਇਆ ਹੈ। ਇਸ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਲਈ ਉਸ ਨੂੰ ਏਸ਼ੀਆ ਪੈਸੀਫ਼ਿਕ ਸਕ੍ਰੀਨ ਐਵਾਰਡ 2018 ਮਿਲਿਆ …
ਬੌਲੀਵੁਡ ‘ਚ ਆਪਣੇ ਸੰਜੀਦਾ ਅਭਿਨੈ ਲਈ ਜਾਣਿਆ ਜਾਂਦਾ ਨਵਾਜ਼ੂਦੀਨ ਸਿੱਦੀਕੀ ਸਿਲਵਰ ਸਕ੍ਰੀਨ ‘ਤੇ ਸਾਊਥ ਫ਼ਿਲਮਾਂ ਦੇ ਮਹਾਨਾਇਕ ਰਜਨੀਕਾਂਤ ਨਾਲ ਅਦਾਕਾਰੀ ਕਰਦਾ ਨਜ਼ਰ ਆਵੇਗਾ। ਰਜਨੀਕਾਂਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ 2.0 ਬੌਕਸ ਆਫ਼ਿਸ ‘ਤੇ ਚੰਗੀ ਸਫ਼ਲਤਾ ਹਾਸਿਲ ਕਰ ਰਹੀ ਹੈ। ਉਸ ਨੇ ਆਪਣੀ ਅਗਲੀ ਫ਼ਿਲਮ ਨੂੰ ਲੈ ਕੇ ਟਵਿਟਰ ‘ਤੇ ਟਵੀਟ ਕੀਤਾ ਹੈ। ਰਜਨੀਕਾਂਤ ਨੇ ਅਗਲੀ ਫ਼ਿਲਮ ਪੇਟਾ ਬਾਰੇ ਆਪਣੇ ਫ਼ੈਨਜ਼ ਨੂੰ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਫ਼ਿਲਮ ‘ਚ ਨਵਾਜ਼ੂਦੀਨ ਸਿੱਦੀਕੀ ਵੀ ਅਹਿਮ ਕਿਰਦਾਰ ਨਿਭਾਏਗਾ। ਮੰਟੋ ਲਈ ਸਿੱਦੀਕੀ ਨੂੰ ਮਿਲਿਆ ਐਵਾਰਡ
ਕੁੱਝ ਸਮਾਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ਮੰਟੋ ‘ਚ ਆਪਣੀ ਅਦਾਕਾਰੀ ਨਾਲ ਸਿੱਦੀਕੀ ਨੇ ਸਭ ਦਾ ਦਿਲ ਜਿੱਤ ਲਿਆ। ਇਸ ਫ਼ਿਲਮ ‘ਚ ਚੰਗੀ ਅਦਾਕਾਰੀ ਦਿਖਾਉਣ ਲਈ ਉਸ ਨੇ ਏਸ਼ੀਆ ਪੈਸੀਫ਼ਿਕ ਸਕ੍ਰੀਨ ਐਵਾਰਡ-2018 ਆਪਣੇ ਨਾਂ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਖ਼ੁਦ ਸਿੱਦੀਕੀ ਨੇ ਟਵਿਟਰ ਜ਼ਰੀਏ ਦਿੱਤੀ। ਜ਼ਿਕਰਯੋਗ ਹੈ ਕਿ ਫ਼ਿਲਮ ਮੰਟੋ ਦਾ ਕਾਨਜ਼ ਫ਼ਿਲਮ ਫ਼ੈਸਟੀਵਲ ਅਤੇ ਸਿਡਨੀ ਫ਼ਿਲਮ ਫ਼ੈਸਟੀਵਲ ‘ਚ ਪ੍ਰੀਮੀਅਰ ਵੀ ਦਿਖਾਇਆ ਗਿਆ ਸੀ। ਇਸ ਤੋਂ ਬਾਅਦ ਫ਼ਿਲਮ ਨੂੰ ਅਕਤੂਬਰ ‘ਚ BFI ਬਰਤਾਨੀਆ ਫ਼ੈਸਟੀਵਲ 2018 ‘ਚ ਵਿਸ਼ੇਸ਼ ਸਕ੍ਰੀਨਿੰਗ ਲਈ ਵੀ ਚੁਣਿਆ ਗਿਆ ਸੀ।
ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਅਗਲੀ ਵੈੱਬ ਸੀਰੀਜ਼ ‘ਚ ਰੁੱਝਾ ਹੋਇਆ ਹੈ। ਇਸੇ ਲਈ ਉਹ ਐਵਾਰਡ ਲੈਣ ਵੀ ਨਾ ਜਾ ਸਕਿਆ। ਸਿੱਦੀਕੀ ਦੀ ਥਾਂ ਉਸ ਦਾ ਐਵਾਰਡ ਫ਼ਿਲਮ ਨਿਰਮਾਤਾ ਨੰਦਿਤਾ ਦਾਸ ਨੇ ਪ੍ਰਾਪਤ ਕੀਤਾ। ਇਸ ਦੌਰਾਨ ਫ਼ਿਲਮ ਨਿਰਮਾਤਾ ਨੰਦਿਤਾ ਦਾਸ ਨੇ ਕਿਹਾ, ”ਮੰਟੋ ਇੱਕ ਅਜਿਹੀ ਫ਼ਿਲਮ ਹੈ ਜੋ ਮੇਰੇ ਨਾਲ-ਨਾਲ ਨਵਾਜ਼ ਅਤੇ ਇਸ ਫ਼ਿਲਮ ‘ਚ ਕੰਮ ਕਰਨ ਵਾਲੇ ਹਰ ਇਨਸਾਨ ਦੇ ਦਿਲ ਦੇ ਕਰੀਬ ਹੈ। ਤੁਹਾਡਾ ਫ਼ਿਲਮ ਲਈ ਇਹ ਪਿਆਰ ਸਾਡੇ ਵਲੋਂ ਕੀਤੀ ਗਈ ਮਿਹਨਤ ਤੋਂ ਕਿਤੇ ਜ਼ਿਆਦਾ ਹੈ। ਇਹ ਪ੍ਰਤਿਬੱਧਤਾ ਤੇ ਜਨੂੰਨ ਦੇ ਨਾਲ ਕੀਤੀ ਗਈ ਮਿਹਨਤ ਦਾ ਫ਼ਲ਼ ਹੈ। ਇਸ ਪ੍ਰੌਜੈਕਟ ਦਾ ਹਿੱਸਾ ਬਣਨ ਲਈ ਅਸੀਂ ਨਵਾਜ਼ੂਦੀਨ ਸਿੱਦੀਕੀ ਦਾ ਧੰਨਵਾਦ ਕਰਦੇ ਹਾਂ।”