ਅਦਾਕਾਰ ਗੋਵਿੰਦਾ ਦੇ ਫ਼ੈਨਜ਼ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਅਸਲ ‘ਚ ਉਸ ਦੀ ਕਾਫ਼ੀ ਸਮੇਂ ਤੋਂ ਰਿਲੀਜ਼ ਲਈ ਰੁੱਕੀ ਫ਼ਿਲਮ ਰੰਗੀਲਾ ਰਾਜਾ ਨੂੰ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਹੈ। ਵੈਸੇ ਗੋਵਿੰਦਾ ਇਸ ਵਕਤ ਲਗਾਤਾਰ ਫ਼ਿਲਮਾਂ ‘ਚ ਸਰਗਰਮ ਰਹਿਣਾ ਚਾਹੁੰਦਾ ਹੈ, ਪਰ ਅਜਿਹਾ ਹੋ ਨਹੀਂ ਪਾ ਰਿਹਾ ਕਿਉਂਕਿ ਪਿਛਲੇ ਸਾਲ ਰਿਲੀਜ਼ ਹੋਈ ਉਸ ਦੀ ਫ਼ਿਲਮ ਆ ਗਿਆ ਹੀਰੋ ਨੇ ਬੌਕਸ ਔਫ਼ਿਸ ‘ਤੇ ਕੁੱਝ ਖ਼ਾਸ ਕਮਾਲ ਨਹੀਂ ਦਿਖਾਇਆ।
ਇਸ ਦੇ ਬਾਵਜੂਦ ਗੋਵਿੰਦਾ ਲਗਾਤਾਰ ਕਮਬੈਕ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ। ਇਸ ਸਾਲ ਉਸ ਦੀ ਫ਼ਿਲਮ ਫ਼੍ਰਾਈਡੇ ਵੀ ਰਿਲੀਜ਼ ਹੋਈ ਇਹ ਫ਼ਿਲਮ ਵੀ ਬੁਰੀ ਤਰ੍ਹਾਂ ਨਾਲ ਪਰਦੇ ‘ਤੇ ਫ਼ੌਲਪ ਹੋਈ। ਉਸ ਤੋਂ ਬਾਅਦ ਗੋਵਿੰਦਾ ਨੇ ਕਿਹਾ ਸੀ ਕਿ ਉਸ ਦੀ ਫ਼ਿਲਮ ਤਾਂ ਠੀਕ ਸੀ, ਪਰ ਕਿਸੇ ਸਾਜ਼ਿਸ਼ ਕਾਰਨ ਉਸ ਦੀ ਫ਼ਿਲਮ ਨੂੰ ਜਲਦੀ ਹੀ ਸਿਨੇਮਾਘਰਾਂ ‘ਚੋਂ ਹਟਾ ਦਿੱਤਾ ਗਿਆ ਲੱਗਦਾ ਹੈ।
ਅੱਜਕੱਲ੍ਹ ਉਹ ਆਪਣੀ ਫ਼ਿਲਮ ਰੰਗੀਲਾ ਰਾਜਾ ਨੂੰ ਲੈ ਕੇ ਚਰਚਾ ‘ਚ ਹੈ। ਉਹ ਇੱਕ ਵਾਰ ਫ਼ਿਰ ਤੋਂ ਇਸ ਫ਼ਿਲਮ ਨਾਲ ਬੌਲੀਵੁਡ ‘ਚ ਧਮਾਕੇਦਾਰ ਵਾਪਸੀ ਦੀ ਉਮੀਦ ‘ਚ ਹੈ। ਕਾਫ਼ੀ ਸਮੇਂ ਤੋਂ ਇਹ ਫ਼ਿਲਮ ਰਿਲੀਜ਼ ਲਈ ਰੁਕੀ ਹੋਈ ਸੀ। ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਪਾਸ ਨਹੀਂ ਕੀਤਾ ਸੀ ਜਿਸ ਕਾਰਨ ਇਸ ਦੇ ਨਿਰਮਾਤਾ ਪਹਿਲਾਜ ਨਿਹਲਾਨੀ ਵੀ ਕਾਫ਼ੀ ਖ਼ਫ਼ਾ ਹੋ ਗਿਆ ਸੀ ਅਤੇ ਉਸ ਨੇ ਕੋਰਟ ਤਕ ਜਾਣ ਦੀ ਗੱਲ ਆਖ ਦਿੱਤੀ ਸੀ। ਹੁਣ ਲਗਦਾ ਹੈ ਕਿ ਸੈਂਸਰ ਬੋਰਡ ਦੇ ਫ਼ੈਸਲੇ ਤੋਂ ਬਾਅਦ ਉਹ ਕਾਫ਼ੀ ਖ਼ੁਸ਼ ਹੋਵੇਗਾ।
ਇਹ ਫ਼ਿਲਮ ਅਗਲੇ ਸਾਲ 11 ਜਨਵਰੀ ਨੂੰ ਸਿਨੇਮਾ- ਘਰਾਂ ‘ਚ ਦਸਤਕ ਦੇਵੇਗੀ। ਵੈਸੇ ਕੁੱਝ ਦਿਨ ਪਹਿਲਾਂ ਗੋਵਿੰਦਾ ਨੇ ਵੀ ਸੈਂਸਰ ਬੋਰਡ ਵਲੋਂ ਰੋਕ ਲਗਾਏ ਜਾਣ ‘ਤੇ ਕਿਹਾ ਸੀ ਕਿ ਉਸ ਨਾਲ ਇਹ ਸਭ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਕਿਉਂਕਿ ਇੰਡਸਟਰੀ ‘ਚ ਕੁੱਝ ਅਜਿਹੇ ਵੀ ਲੋਕ ਹਨ ਜੋ ਨਹੀਂ ਚਾਹੁੰਦੇ ਕਿ ਉਸ ਦੀਆਂ ਫ਼ਿਲਮਾਂ ਪਰਦੇ ‘ਤੇ ਰਿਲੀਜ਼ ਹੋਣ। ਖ਼ੈਰ, ਇਸ ਫ਼ਿਲਮ ਨਾਲ ਗੋਵਿੰਦਾ ਦੀਆਂ ਕਈ ਆਸਾਂ ਜੁੜੀਆਂ ਹਨ।