ਬੌਲੀਵੁਡ ਦੀ ਡਿੰਪਲ ਗਰਲ ਪ੍ਰਿਟੀ ਜ਼ਿੰਟਾ ਲੰਬੇ ਸਮੇਂ ਬਾਅਦ ਫ਼ਿਲਮ ਭਈਆਜੀ ਸੁਪਰਹਿੱਟ ਨਾਲ ਇੱਕ ਵਾਰ ਫ਼ਿਰ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਉਹ ਕਾਫ਼ੀ ਉਤਸਾਹਿਤ ਹੈ। ਪ੍ਰਿਟੀ ਨੇ ਇਸ ਫ਼ਿਲਮ ‘ਚ ਆਪਣੇ ਕਿਰਦਾਰ ਬਾਰੇ ਕਿਹਾ, ”ਮੈਂ ਆਪਣੇ ਇਸ ਦੇਸੀ ਕਿਰਦਾਰ ਨੂੰ ਕਾਫ਼ੀ ਮਾਣਿਆ। ਸ਼ੂਟਿੰਗ ਦੌਰਾਨ ਮੈਂ ਕਾਫ਼ੀ ਨਰਵਸ ਸੀ ਕਿਉਂਕਿ ਮੈਂ ਹੁਣ ਤਕ 38 ਫ਼ਿਲਮਾਂ ਕੀਤੀਆਂ ਹਨ, ਪਰ ਇਸ ਫ਼ਿਲਮ ‘ਚ ਮੇਰਾ ਕਿਰਦਾਰ ਬਿਲਕੁਲ ਵੱਖਰਾ ਸੀ। ਮੈਂ ਅੱਜ ਤਕ ਅਜਿਹਾ ਕਿਰਦਾਰ ਨਹੀਂ ਨਿਭਾਇਆ।”
ਪ੍ਰਿਟੀ ਨੇ ਆਪਣੇ ਫ਼ਿਲਮੀ ਕਰੀਅਰ ‘ਚ ਕਈ ਕਿਰਦਾਰ ਨਿਭਾਏ ਹਨ, ਪਰ ਉਸ ਦੀ ਇਸ ਤਰ੍ਹਾਂ ਦਾ ਦੇਸੀ ਤੇ ਦਿਹਾਤੀ ਲੜਕੀ ਦਾ ਕਿਰਦਾਰ ਨਿਭਾਉਣ ਦੀ ਇੱਛਾ ਇਸ ਫ਼ਿਲਮ ਤੋਂ ਪਹਿਲਾਂ ਤਕ ਪੂਰੀ ਨਹੀਂ ਸੀ ਹੋ ਸਕੀ। ਪ੍ਰਿਟੀ ਨੇ ਕਿਹਾ, ”ਕਿਸੇ ਨੇ ਵੀ ਉਸ ਨੂੰ ਕਦੇ ਅਜਿਹੇ ਰੋਲ ਦੀ ਪੇਸ਼ਕਸ਼ ਨਹੀਂ ਸੀ ਦਿੱਤੀ। ਕਿਸੇ ਨੂੰ ਅਜਿਹੇ ਰੋਲ ਲਈ ਮੇਰੇ ਉੱਪਰ ਭੋਰਸਾ ਹੀ ਨਹੀਂ ਕੀਤਾ। ਕਿਸੇ ਨੇ ਸੋਚਿਆ ਵੀ ਨਹੀਂ ਕਿ ਮੈਂ ਅਜਿਹਾ ਕਿਰਦਾਰ ਨਿਭਾ ਸਕਦੀ ਹਾਂ। ਮੈਨੂੰ ਅਜਿਹੇ ਰੋਲ ਔਫ਼ਰ ਕੀਤੇ ਜਾਂਦੇ ਰਹੇ ਜੋ ਮਜ਼ਬੂਤ ਹੋਣ, ਅਮੀਰ ਹੋਣ, ਅਰਬਨ ਹੋਣ, ਕੋਈ ਮੈਨੂੰ ਦੇਸੀ ਰੋਲ ਨਹੀਂ ਸੀ ਦੇ ਰਿਹਾ। ਗ਼ਰੀਬੀ ਵਾਲੇ ਰੋਲ ਵੀ ਕੋਈ ਨਹੀਂ ਸੀ ਦਿੰਦਾ।”
ਪ੍ਰਿਟੀ ਨੇ ਕਿਹਾ, ”ਜਦੋਂ ਮੈਂ ਅਦਾਕਾਰੀ ਛੱਡ ਦਿੱਤੀ ਤਾਂ ਇਹ ਕਿਰਦਾਰ ਮੈਨੂੰ ਲੱਭਦਾ-ਲੱਭਦਾ ਆ ਗਿਆ। ਸਨੀ ਦਿਓਲ ਨੇ ਫ਼ਿਲਮ ਲਈ ਮੇਰੇ ਤਕ ਪਹੁੰਚ ਕੀਤੀ। ਜਦੋਂ ਮੈਂ ਫ਼ਿਲਮ ਦੀ ਸਕ੍ਰਿਪਟ ਸੁਣੀ ਤਾਂ ਮੈਨੂੰ ਇਹ ਬੇਹੱਦ ਚੰਗੀ ਲੱਗੀ। ਸਕ੍ਰਿਪਟ ਸੁਣ ਕੇ ਮੈਂ ਹੱਸ-ਹੱਸ ਕੇ ਲੋਟ-ਪੋਟ ਹੋ ਗਈ ਸੀ। ਫ਼ਿਲਮ ਦੀ ਕਹਾਣੀ ਵਾਰਾਣਸੀ ਦੇ ਰਹਿਣ ਵਾਲੇ ਲਾਲ ਭਾਈਸਾਹਬ ਦੂਬੇ (ਨੀ ਦਿਓਲ) ਦੀ ਹੈ, ਜਿਸ ਨੂੰ ਲੋਕ ਭਈਆ ਜੀ ਵੀ ਆਖਦੇ ਹਨ।
ਸਨੀ ਨੇ ਇਸ ਫ਼ਿਲਮ ‘ਚ ਇੱਕ ਡੌਨ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ‘ਚ ਉਸ ਦੀ ਪਤਨੀ ਦਾ ਕਿਰਦਾਰ ਪ੍ਰਿਟੀ ਨੇ ਨਿਭਾਇਆ ਹੈ। ਇਹ ਫ਼ਿਲਮ ਕਾਫ਼ੀ ਲੰਬੇ ਸਮੇਂ ‘ਚ ਬਣੀ ਹੈ। ਫ਼ਿਲਮ ਦੀ ਸ਼ੂਟਿੰਗ ਕਈ ਵਾਰ ਰੁਕ-ਰੁਕ ਕੇ ਸ਼ੁਰੂ ਕੀਤੀ ਗਈ। ਤਿਆਰ ਹੋਣ ਤੋਂ ਬਾਅਦ ਵੀ ਇਹ ਫ਼ਿਲਮ ਕਾਫ਼ੀ ਸਮੇਂ ਤਕ ਰਿਲੀਜ਼ ਕੀਤੇ ਜਾਣ ਲਈ ਰੁਕੀ ਰਹੀ। ਇਸ ਤੋਂ ਬਾਅਦ ਸਨੀ ਦਿਓਲ ਦੀ ਇੱਕ ਹੋਰ ਰੁਕੀ ਹੋਈ ਫ਼ਿਲਮ ਮੁਹੱਲਾ ਅੱਸੀ ਵੀ ਰਿਲੀਜ਼ ਹੋ ਗਈ ਹੈ।