ਬੌਲੀਵੁਡ ਇੰਡਸਟਰੀ ‘ਚ ਕਈ ਵਾਰ ਅਜਿਹਾ ਹੋ ਚੁੱਕਾ ਹੈ ਕਿ ਕਿਸੇ ਅਦਾਕਾਰ ਵਲੋਂ ਠੁਕਰਾਈ ਹੋਈ ਫ਼ਿਲਮ ਨੇ ਉਸ ‘ਚ ਕੰਮ ਕਰਨ ਵਾਲੇ ਦੂਜੇ ਅਦਾਕਾਰ ਨੂੰ ਸੁਪਰਸਟਾਰ ਬਣਾ ਦਿੱਤਾ …
ਬੌਲੀਵੁਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ਼ ਖ਼ਾਨ ਦੀ ਸੁਪਰਹਿੱਟ ਫ਼ਿਲਮ ਬਾਜ਼ੀਗਰ ਨੂੰ ਇਸ ਮਹੀਨੇ ਰਿਲੀਜ਼ ਹੋਇਆਂ 25 ਸਾਲ ਹੋ ਗਏ ਹਨ। ਇਸ ਫ਼ਿਲਮ ਨਾਲ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬਲੀਵੁੱਡ ‘ਚ ਕਰੀਅਰ ਦੇ ਵੀ 25 ਸਾਲ ਪੂਰੇ ਹੋ ਗਏ ਹਨ। ਇਹ ਫ਼ਿਲਮ ਸ਼ਿਲਪਾ ਦੀ ਡੈਬਿਊ ਫ਼ਿਲਮ ਸੀ। ਕਾਜੋਲ ਨੇ ਵੀ ਇਸ ਫ਼ਿਲਮ ‘ਚ ਦਮਦਾਰ ਕਿਰਦਾਰ ਨਿਭਾਇਆ ਸੀ। ਅਸਲ ‘ਚ ਇਸ ਫ਼ਿਲਮ ਦੀ ਪੇਸ਼ਕਸ਼ ਪਹਿਲਾਂ ਸਲਮਾਨ ਖ਼ਾਨ ਨੂੰ ਹੋਈ ਸੀ, ਪਰ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਫ਼ਿਰ ਨਿਰਮਾਤਾਵਾਂ ਨੇ ਸ਼ਾਹਰੁਖ਼ ਨੂੰ ਇਸ ਦੀ ਪੇਸ਼ਕਸ਼ ਕੀਤੀ। ਸਲਮਾਨ ਦੀ ਠੁਕਰਾਈ ਹੋਈ ਸਿਰਫ਼ ਫ਼ਿਲਮ ਬਾਜ਼ੀਗਰ ਹੀ ਨਹੀਂ ਬਲਕਿ ਚੱਕ ਦੇ ਇੰਡੀਆ ਨੇ ਵੀ ਸ਼ਾਹਰੁਖ਼ ਨੂੰ ਚੰਗੀ ਸਫ਼ਲਤਾ ਦਿੱਤੀ ਸੀ। ਸਲਮਾਨ ਦੀ ਨਾਂਹ ਕਾਰਨ ਦੋ ਹਿੱਟ ਫ਼ਿਲਮਾਂ ਸ਼ਾਹਰੁਖ਼ ਦੇ ਖ਼ਾਤੇ ‘ਚ ‘ਚ ਚਲੀਆਂ ਗਈਆਂ ਅਤੇ ਉਸ ਦੇ ਕਰੀਅਰ ਦੀਆਂ ਕਾਮਯਾਬ ਫ਼ਿਲਮਾਂ ਸਿੱਧ ਹੋਈਆਂ। ਇਸੇ ਤਰ੍ਹਾਂ ਕਈ ਹੋਰ ਫ਼ਿਲਮਾਂ ਹਨ ਜਿਨ੍ਹਾਂ ਤੋਂ ਇੱਕ ਸਿਤਾਰੇ ਨੇ ਇਨਕਾਰ ਕੀਤੇ ਅਤੇ ਦੂਜੇ ਲਈ ਉਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ। ਆਓ, ਅਜਿਹੀਆਂ ਫ਼ਿਲਮਾਂ ਬਾਰੇ ਕੁੱਝ ਚਰਚਾ ਕਰੀਏ:
ਸ਼ਾਹਰੁਖ਼ ਦੀ ਨਾਂਹ ਦਾ ਮਾਧਵਨ ਨੂੰ ਫ਼ਾਇਦਾ – ਅਦਾਕਾਰ ਆਰ. ਮਾਧਵਨ ਚੰਗੀ ਅਦਾਕਾਰੀ ਲਈ ਸਭ ਤੋਂ ਪਹਿਲਾਂ ਫ਼ਿਲਮ ਰੰਗ ਦੇ ਬਸੰਤੀ ਨਾਲ ਚਰਚਾ ‘ਚ ਆਇਆ ਸੀ। ਫ਼ਿਲਮ ‘ਚ ਉਸ ਨੇ ਪਾਇਲਟ ਦਾ ਕਿਰਦਾਰ ਨਿਭਾਇਆ ਸੀ। ਇਹ ਰੋਲ ਪਹਿਲਾਂ ਸ਼ਾਹਰੁਖ਼ ਨੂੰ ਦਿੱਤਾ ਜਾਣਾ ਸੀ, ਪਰ ਸਮੇਂ ਦੀ ਘਾਟ ਕਾਰਨ ਉਸ ਨੇ ਇਸ ਫ਼ਿਲਮ ਤੋਂ ਇਨਕਾਰ ਕਰ ਦਿੱਤਾ ਸੀ। ਸ਼ਾਹਰੁਖ਼ ਦੇ ਇਨਕਾਰ ਨੇ ਆਰ ਮਾਧਵਨ ਨੂੰ ਸਟਾਰ ਬਣਾ ਦਿੱਤਾ।
ਸਲਮਾਨ ਨੇ ਛੱਡੀ ਸੀ ਥਰੀ ਇਡੀਐਟਸ – ਸਲਮਾਨ ਦੁਆਰਾ ਫ਼ਿਲਮ ਛੱਡਣ ਦਾ ਜਿਵੇਂ ਸ਼ਾਹਰੁਖ਼ ਨੂੰ ਫ਼ਾਇਦਾ ਹੋਇਆ, ਉਸੇ ਤਰ੍ਹਾਂ ਸ਼ਾਹਰੁਖ਼ ਦੀ ਛੱਡੀ ਫ਼ਿਲਮ ਨਾਲ ਆਮਿਰ ਖ਼ਾਨ ਨੇ ਵੱਡੀ ਸਫ਼ਲਤਾ ਹਾਸਿਲ ਕੀਤੀ। ਸੁਪਰਹਿੱਟ ਫ਼ਿਲਮ ਥਰੀ ਇਡੀਐਟਸ ਲਈ ਹਮੇਸ਼ਾ ਆਮਿਰ ਖ਼ਾਨ ਦੀ ਤਾਰੀਫ਼ ਹੁੰਦੀ ਹੈ। ਪਹਿਲਾਂ ਇਸ ਫ਼ਿਲਮ ਦੀ ਪੇਸ਼ਕਸ਼ ਸ਼ਾਹੁਰਖ਼ ਖ਼ਾਨ ਨੂੰ ਹੋਈ ਸੀ, ਪਰ ਸ਼ਾਹਰੁਖ ਨੇ ਇਸ ਫ਼ਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਕੈਟਰੀਨਾ ਦਾ ਇਨਕਾਰ ਇਲਿਆਨਾ ਦਾ ਡੈਬਿਊ – ਰਣਬੀਰ ਕਪੂਰ ਦੀ ਫ਼ਿਲਮ ਬਰਫ਼ੀ ਤਾਂ ਸਾਰਿਆਂ ਨੂੰ ਯਾਦ ਹੀ ਹੋਵੇਗੀ। ਇਸ ਫ਼ਿਲਮ ‘ਚ ਇਲਿਆਨਾ ਡੀ ਕਰੂਜ਼ ਵਾਲੇ ਰੋਲ ਲਈ ਪਹਿਲਾਂ ਕੈਟਰੀਨਾ ਕੈਫ਼ ਤਕ ਪਹੁੰਚ ਕੀਤੀ ਗਈ ਸੀ। ਕਿਸੇ ਕਾਰਨ ਕੈਟਰੀਨਾ ਨੇ ਫ਼ਿਲਮ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਇਸ ਫ਼ਿਲਮ ਨਾਲ ਇਲਿਆਨਾ ਨੂੰ ਬੌਲੀਵੁਡ ‘ਚ ਡੈਬਿਊ ਕਰਨ ਦਾ ਮੌਕਾ ਮਿਲ ਗਿਆ, ਅਤੇ ਉਸ ਦੀ ਪਹਿਲੀ ਹੀ ਫ਼ਿਲਮ ਹਿੱਟ ਸਿੱਧ ਹੋਈ। ਇਸ ਵਿੱਚ ਪ੍ਰਿਅੰਕਾ ਚੋਪੜਾ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ। ਫ਼ਿਲਮ ਨੇ ਪਰਦੇ ‘ਤੇ ਚੰਗੀ ਕਮਾਈ ਕੀਤੀ।
ਟਵਿੰਕਲ ਦੀ ਨਾਂਹ ਨੇ ਬਣਾਇਆ ਰਾਣੀ ਦਾ ਕਰੀਅਰ – ਅਦਾਕਾਰਾ ਟਵਿੰਕਲ ਖੰਨਾ ਦੇ ਛੱਡਣ ਨਾਲ ਰਾਣੀ ਮੁਖਰਜੀ ਨੂੰ ਇੱਕ ਅਜਿਹੀ ਫ਼ਿਲਮ ਮਿਲੀ ਜਿਸ ਦੀ ਅੱਜ ਵੀ ਇੰਡਸਟਰੀ ‘ਚ ਚਰਚਾ ਹੁੰਦੀ ਹੈ। ਇਹ ਫ਼ਿਲਮ ਸੀ – ਕੁਛ ਕੁਛ ਹੋਤਾ ਹੈ। ਇਸ ਫ਼ਿਲਮ ਨੇ ਰਾਣੀ ਦੇ ਕਰੀਅਰ ਨੂੰ ਫ਼ਰਸ਼ ਤੋਂ ਅਰਸ਼ ਤਕ ਪਹੁੰਚਾ ਦਿੱਤਾ। ਟਵਿੰਕਲ ਖੰਨਾ ਵਲੋਂ ਇਸ ਫ਼ਿਲਮ ਨੂੰ ਕਰਨ ਤੋਂ ਕੀਤੇ ਗਏ ਇਨਕਾਰ ਨੇ ਰਾਣੀ ਨੂੰ ਬੌਲੀਵੁਡ ‘ਚ ਵੱਡੀ ਪਛਾਣ ਦਿੱਤੀ।
ਐਸ਼ ਕਾਰਨ ਚਮਕੀ ਪ੍ਰਿਟੀ ਦੀ ਕਿਸਮਤ – ਸੁਪਰਹਿੱਟ ਸੀਰੀਜ਼ ‘ਕ੍ਰਿਸ਼ ‘ਦੀ ਪਹਿਲੀ ਫ਼ਿਲਮ ਕੋਈ ਮਿਲ ਗਿਆ ਨਾਲ ਇੰਡਸਟਰੀ ਨੂੰ ਜਿੱਥੇ ਰਿਤਿਕ ਰੋਸ਼ਨ ਵਰਗਾ ਸੁਪਰਹੀਰੋ ਮਿਲਿਆ, ਉੱਥੇ ਪ੍ਰਿਟੀ ਜ਼ਿੰਟਾ ਦੀ ਵੀ ਇਸ ਫ਼ਿਲਮ ਲਈ ਖ਼ੂਬ ਚਰਚਾ ਹੋਈ। ਇਸ ਫ਼ਿਲਮ ‘ਚ ਨਿਸ਼ਾ ਦਾ ਕਿਰਦਾਰ ਨਿਭਾਉਣ ਲਈ ਪਹਿਲਾਂ ਐਸ਼ਵਰਿਆ ਰਾਏ ਬੱਚਨ ਨੂੰ ਪੇਸ਼ਕਸ਼ ਮਿਲੀ ਸੀ, ਪਰ ਉਸ ਨੇ ਇਸ ਲਈ ਹਾਂ ਨਹੀਂ ਕੀਤੀ। ਫ਼ਿਰ ਐਸ਼ਵਰਿਆ ਦੀ ਥਾਂ ਪ੍ਰਿਟੀ ਜ਼ਿੰਟਾ ਨੂੰ ਫ਼ਿਲਮ ‘ਚ ਲੈ ਲਿਆ ਗਿਆ। ਇਸ ਕਿਰਦਾਰ ਨੇ ਪ੍ਰਿਟੀ ਦੀ ਕਿਸਮਤ ਚਮਕਾ ਦਿੱਤੀ। ਪ੍ਰਿਟੀ ਨੇ ਇਸ ਫ਼ਿਲਮ ‘ਤੇ ਦਮਦਾਰ ਅਦਾਕਾਰੀ ਵਿਖਾਈ ਸੀ। ਦਰਸ਼ਕਾਂ ਨੇ ਵੀ ਉਸ ਦੀ ਅਦਾਕਾਰੀ ਕਾਫ਼ੀ ਪਸੰਦ ਕੀਤੀ ਸੀ।
ਰਾਣੀ ਕਾਰਨ ਵਿਦਿਆ ਨੂੰ ਮਿਲੀ ਪਛਾਣ – ਅਦਾਕਾਰ ਅਕਸ਼ੇ ਕੁਮਾਰ ਅਤੇ ਵਿਦਿਆ ਬਾਲਨ ਦੀ ਹਿੱਟ ਰਹੀ ਹਾਰਰ ਫ਼ਿਲਮ ‘ਭੂਲ ਭੂਲੱਈਆ ‘ਨੇ ਉਸ ਦੀ ਕਿਸਮਤ ਚਮਕਾ ਦਿੱਤੀ ਸੀ। ਜਿਹੜਾ ਰੋਲ ਇਸ ਫ਼ਿਲਮ ‘ਚ ਵਿਦਿਆ ਨੇ ਨਿਭਾਇਆ ਸੀ, ਉਸ ਲਈ ਪਹਿਲਾਂ ਰਾਣੀ ਮੁਖਰਜੀ ਨੂੰ ਪੇਸ਼ਕਸ਼ ਕੀਤੀ ਗਈ ਸੀ, ਪਰ ਉਸ ਨੇ ਜਵਾਬ ਦੇ ਦਿੱਤਾ ਸੀ। ਇਸ ਫ਼ਿਲਮ ਤੋਂ ਬਾਅਦ ਅਦਾਕਾਰਾ ਵਿਦਿਆ ਬਾਲਨ ਨੇ ਪਰੀਣਿਤਾ ਵਰਗੀ ਸਫ਼ਲ ਫ਼ਿਲਮ ਨਾਲ ਆਪਣੀ ਪਛਾਣ ਨੂੰ ਬੌਲੀਵੁਡ ਇੰਡਸਟਰੀ ‘ਚ ਹੋਰ ਪੱਕਿਆਂ ਕੀਤਾ।