ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਈ ਜੌਹਨ ਐਬਰਾਹਿਮ ਦੀ ਫ਼ਿਲਮ ਸਤਿਆਮੇਵ ਜਯਤੇ ਪਰਦੇ ‘ਤੇ ਸੁਪਰਹਿੱਟ ਸਿੱਧ ਹੋਈ ਹੈ। ਫ਼ਿਲਮ ਦੀ ਟੀਮ ਜਲਦੀ ਹੀ ਇਸ ਦੇ ਸੀਕੁਅਲ ਦੀ ਤਿਆਰੀ ਕਰ ਰਹੀ ਹੈ …
ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਈ ਫ਼ਿਲਮ ਸਤਿਆਮੇਵ ਜਯਤੇ ਦੀ ਪੂਰੀ ਟੀਮ ਇੱਕ ਵਾਰ ਫ਼ਿਰ ਇਕੱਠੀ ਨਜ਼ਰ ਆਈ ਹੈ। ਇਹ ਟੀਮ ਇਸ ਫ਼ਿਲਮ ਦੇ ਡਾਇਰੈਕਟਰ ਮਿਲਾਪ ਜਾਵੇਰੀ ਦੇ ਜਨਮ ਦਿਨ ਦੇ ਸਮਾਗਮ ਮੌਕੇ ਨਜ਼ਰ ਆਈ ਹੈ। ਪੂਰੀ ਟੀਮ ਦੇ ਇਕੱਠਿਆਂ ਨਜ਼ਰ ਆਉਣ ‘ਤੇ ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਫ਼ਿਲਮ ਦਾ ਸੀਕੁਅਲ ਬਣਾਏ ਜਾਣ ਬਾਰੇ ਐਲਾਨ ਕੀਤਾ ਜਾ ਸਕਦਾ ਹੈ।
ਫ਼ਿਲਮ ਸਤਿਆਮੇਵ ਜਯਤੇ ਨੂੰ ਭੂਸ਼ਣ ਕੁਮਾਰ ਅਤੇ ਨਿਖਿਲ ਅਡਵਾਨੀ ਨੇ ਪ੍ਰੋਡਿਊਸ ਕੀਤਾ ਸੀ। ਇਸ ਫ਼ਿਲਮ ‘ਚ ਚੰਗੇ ਡਾਇਲਾਗਜ਼ ਦੇ ਨਾਲ-ਨਾਲ ਜ਼ਬਰਦਸਤ ਐਕਸ਼ਨ ਸੀਨ ਵੀ ਸਨ। 1990 ਦੇ ਦਹਾਕੇ ਨੂੰ ਦਰਸਾਉਂਦੀ ਇਸ ਫ਼ਿਲਮ ‘ਚ ਜੌਹਨ ਐਬਰਾਹਿਮ ਅਤੇ ਆਇਸ਼ਾ ਸ਼ਰਮਾ ਨੇ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਸਨ। ਆਇਸ਼ਾ ਨੇ ਇਸ ਫ਼ਿਲਮ ਤੋਂ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਫ਼ਿਲਮ ਸਤਿਆਮੇਵ ਜਯਤੇ ਦੇ ਰਿਲੀਜ਼ ਹੋਣ ਦੇ ਦੋ ਮਹੀਨੇ ਬਾਅਦ ਵੀ ਫ਼ਿਲਮ ਡਾਇਰੈਕਟਰ, ਪ੍ਰੋਡਿਊਸਰ ਅਤੇ ਕਲਾਕਾਰਾਂ ‘ਚ ਸਾਂਝ ਬਣੀ ਹੋਈ ਹੈ। ਇਹੀ ਵਜ੍ਹਾ ਹੈ ਕਿ ਡਾਇਰੈਕਟਰ ਮਿਲਾਪ ਜਾਵੇਰੀ ਦੇ ਜਨਮ ਦਿਨ ਮੌਕੇ ਜੌਹਨ ਐਬਰਾਹਿਮ, ਭੂਸ਼ਣ ਕੁਮਾਰ, ਨਿਖਿਲ ਅਡਵਾਨੀ, ਨੋਰਾ ਫ਼ਤੇਹੀ ਸਮੇਤ ਕਈ ਅਦਾਕਾਰ ਉਸ ਦੀ ਪਾਰਟੀ ‘ਚ ਪਹੁੰਚੇ ਸਨ।
ਫ਼ਿਲਹਾਲ ਜੌਹਨ ਆਪਣੀ ਅਗਲੀ ਫ਼ਿਲਮ ਬਾਟਲਾ ਹਾਊਸ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ ਅਤੇ ਇਹ ਅਗਲੇ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਜੌਹਨ ਐਬਰਾਹਿਮ ਇੱਕ ਪੁਲੀਸ ਅਫ਼ਸਰ ਦੇ ਕਿਰਦਾਰ ‘ਚ ਨਜ਼ਰ ਆਏਗਾ। ਇਹ ਫ਼ਿਲਮ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ‘ਤੇ ਆਧਾਰਿਤ ਕਹਾਣੀ ਹੈ। ਇਸ ‘ਚ ਜੌਹਨ ਨਾਲ ਨੌਰਾ ਫ਼ਤੇਹੀ ਵੀ ਨਜ਼ਰ ਆਏਗੀ।