ਅਜ ਦੇਵਗਨ ਇੱਕ ਅਜਿਹਾ ਕਲਾਕਾਰ ਹੈ ਜੋ ਸਮੇਂ ਦੇ ਨਾਲ ਬਿਹਤਰ ਤੋਂ ਬਿਹਤਰੀਨ ਬਣਦਾ ਜਾ ਰਿਹਾ ਹੈ। ਉਸ ਦੀਆਂ ਸ਼ੁਰੂਆਤੀ ਫ਼ਿਲਮਾਂ ਨਾਲੋਂ ਉਸ ਦੀਆਂ ਅੱਜ ਦੀਆਂ ਫ਼ਿਲਮਾਂ ਪ੍ਰਸ਼ੰਸਕਾਂ ਨੂੰ ਵਧੇਰੇ ਪਸੰਦ ਆ ਰਹੀਆਂ ਹਨ। ਪਿਛਲੇ ਕੁੱਝ ਸਮੇਂ ਦੌਰਾਨ ਉਸ ਨੇ ਰੇਡ, ਬਾਦਸ਼ਾਹੋ, ਗੋਲਮਾਲ ਅਗੇਨ ਵਰਗੀਆਂ ਹਿੱਟ ਫ਼ਿਲਮਾਂ ਬੌਲੀਵੁਡ ਨੂੰ ਦਿੱਤੀਆਂ ਹਨ। ਇਸ ਤੋਂ ਇਲਾਵਾ ਉਸ ਦਾ ਪ੍ਰੋਡਕਸ਼ਨ ਹਾਊਸ ਵੀ ਚੰਗੀਆਂ ਫ਼ਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ।
ਹਾਲ ਹੀ ‘ਚ ਜਾਣਕਾਰੀ ਮਿਲੀ ਹੈ ਕਿ ਅਜੇ ਦੇਵਗਨ ਨੂੰ ਇੱਕ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਹੋਇਆ ਹੈ। ਉਸ ਨੂੰ ਹਾਲ ਹੀ ‘ਚ ਚੀਨ ਦੇ 27ਵੇਂ ਚਾਇਨਾ ਗੋਲਡਨ ਰੂਸਟਰ ਐਂਡ ਹੰਡਰਡ ਫ਼ਲਾਵਰਜ਼ ਫ਼ਿਲਮ ਸਮਾਗਮ ਦੌਰਾਨ ਫ਼ਿਲਮ ਰੇਡ ‘ਚ ਚੰਗੀ ਅਦਾਕਾਰੀ ਲਈ ਬੈੱਸਟ ਫ਼ੌਰਨ ਐਕਟਰ ਦੇ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ। ਇਹ ਫ਼ਿਲਮ ਸਮਾਰਹੋ ਚੀਨ ‘ਚ ਚਾਰ ਦਿਨ ਤਕ ਚੱਲਦਾ ਹੈ ਅਤੇ ਆਖ਼ਰੀ ਦਿਨ ਐਵਾਰਡਜ਼ ਦਾ ਐਲਾਨ ਕੀਤਾ ਜਾਂਦਾ ਹੈ।
ਸਮਾਗਮ ਦੌਰਾਨਾ ਅਜੇ ਨੂੰ ਇਹ ਐਵਾਰਡ ਮਿਲਣਾ ਸਿਰਫ਼ ਉਸ ਲਈ ਹੀ ਨਹੀਂ ਬਲਕਿ ਫ਼ਿਲਮ ਰੇਡ ਨੂੰ ਬਣਾਉਣ ਵਾਲੀ ਸਮੁੱਚੀ ਟੀਮ ਲਈ ਮਾਣ ਵਾਲੀ ਗੱਲ ਹੈ। ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਸਮਾਰੋਹ ‘ਚ ਅਜੇ ਨੂੰ ਮਿਲਿਆ ਬੈੱਸਟ ਐਕਟਰ ਦਾ ਐਵਾਰਡ ਉਸ ਦੀ ਵੱਡੀ ਪ੍ਰਾਪਤੀ ਹੈ ਅਤੇ ਇਹ ਅਜੇ ਦੀ ਐਕਟਿੰਗ ਅਤੇ ਹੁਨਰ ਦੀ ਚੰਗੀ ਉਦਾਹਰਣ ਹੈ। ਅਜੇ ਇਹ ਐਵਾਰਡ ਪ੍ਰਾਪਤ ਕਰ ਕੇ ਬੇਹੱਦ ਖ਼ੁਸ਼ ਹੈ।
ਫ਼ਿਲਮ ਰੇਡ ‘ਚ ਅਜੇ ਨੇ ਇੱਕ ਟੈਕਸ ਅਫ਼ਸਰ ਦੀ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਇੱਕ ਸੱਚੀ ਘਟਨਾ ‘ਤੇ ਆਧਾਰਿਤ ਸੀ। ਫ਼ਿਲਮ ਨੂੰ ਰਾਜਕੁਮਾਰ ਗੁਪਤਾ ਨੇ ਡਾਇਰੈਕਟ ਕੀਤਾ ਸੀ। ਇਸ ਸਮੇਂ ਅਜੇ ਆਪਣੀ ਅਗਲੀ ਫ਼ਿਲਮ ਤਾਨਾਜੀ ‘ਚ ਰੁੱਝਾ ਹੋਇਆ ਹੈ। ਇਸ ਫ਼ਿਲਮ ਨੂੰ ਉਹ ਖ਼ੁਦ ਪ੍ਰੋਡਿਊਸ ਕਰ ਰਿਹਾ ਹੈ। ਫ਼ਿਲਮ ਦਾ ਬਜਟ 160 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਇਸ ‘ਚ ਉਸ ਦੀ ਪਤਨੀ ਕਾਜੋਲ ਅਤੇ ਸੈਫ਼ ਅਲੀ ਖ਼ਾਨ ਵੀ ਅਹਿਮ ਭੂਮਿਕਾ ਨਿਭਾਉਾਂਦੇ ਨਜ਼ਰ ਆਉਣਗੇ।