ਨਵੀਂ ਦਿੱਲੀ ਂ ਅਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਚੈੱਲ ਜੌਨਸਨ ਨੇ ਕਿਹਾ ਕਿ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਨਰਨ ਬੈਨਕ੍ਰੌਫ਼ਟ ‘ਤੇ ਗੇਂਦ ਨਾਲ ਛੇੜਛਾੜ ਕਾਰਨ ਲੱਗਿਆ ਬੈਨ ਬਰਕਰਾਰ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਬੋਰਡ ਦੀ ਸਜ਼ਾ ਨੂੰ ਚੁਣੌਤੀ ਨਹੀਂ ਦਿੱਤੀ। ਆਸਟਰੇਲੀਆਈ ਕ੍ਰਿਕਟ ਇਸ ਸਮੇਂ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਹੀ ਹੈ ਅਤੇ ਉਸ ਨੂੰ ਹਾਲ ਹੀ ‘ਚ ਕਈ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਸਮਿਥ ਅਤੇ ਵਾਰਨਰ ਨੂੰ ਟੀਮ ‘ਚ ਵਾਪਿਸ ਲੈਣ ਦੀ ਮੰਗ ਉੱਚੀ ਹੁੰਦੀ ਜਾ ਰਹੀ ਹੈ। ਅਸਟਰੇਲੀਆਈ ਕ੍ਰਿਕਟ ਫ਼ੈਨਜ਼ ਵੀ ਇਨ੍ਹਾਂ ਦੋਹਾਂ ਦੀ ਵਾਪਸੀ ਚਾਹੁੰਦੇ ਹਨ। ਇੰਨਾ ਹੀ ਨਹੀਂ, ਪਿਛਲੇ ਦਿਨੀਂ ਜਦੋਂ ਸਮਿਥ ਅਤੇ ਵਾਰਨਰ ਇੱਕ ਕਲੱਬ ਮੈਚ ‘ਚ ਖੇਡਣ ਲਈ ਉਤਰੇ ਸਨ ਤਾਂ ਹਰ ਕਿਸੇ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਸੀ।
ਦੱਖਣੀ ਅਫ਼ਰੀਕਾ ‘ਚ ਗੇਂਦ ਨਾਲ ਛੇੜਛਾੜ ਦੇ ਮਾਮਲੇ ‘ਚ ਕਪਤਾਨ ਸਮਿਥ ਅਤੇ ਵਾਰਨਰ ‘ਤੇ ਇੱਕ ਸਾਲ, ਅਤੇ ਬੈਨਕ੍ਰਾਫ਼ਟ ‘ਤੇ ਨੌਂ ਮਹੀਨਿਆਂ ਦਾ ਬੈਨ ਲੱਗਿਆ ਹੈ। ਜੌਨਸਨ ਹਾਲਾਂਕਿ ਇਨ੍ਹਾਂ ਦੋਹਾਂ ‘ਤੇ ਬੈਨ ਹਟਾਉਣ ਖ਼ਿਲਾਫ਼ ਹਨ। ਉਸ ਨੇ ਟਵੀਟ ਕਰ ਕੇ ਕਿਹਾ, ”ਤਿੰਨਾਂ ਖਿਡਾਰੀਆਂ ‘ਤੇ ਬੈਨ ਲੱਗਾ ਹੈ, ਇਸ ਲਈ ਇਸ ਦਾ ਮਤਲਬ ਇਹ ਹੈ ਕਿ ਜੇਕਰ ਸਮਿਥ ਅਤੇ ਵਾਰਨਰ ਤੋਂ ਬੈਨ ਹੱਟਦਾ ਹੈ ਤਾਂ ਕੈਮਰਨ ਬੈਨਕ੍ਰਾਫ਼ਟ ਦਾ ਬੈਨ ਵੀ ਓਨਾ ਹੀ ਘੱਟ ਹੋਵੇਗਾ। ਇਨ੍ਹਾਂ ਸਾਰਿਆਂ ਨੇ ਬੈਨ ਨੂੰ ਸਵੀਕਾਰ ਕੀਤਾ ਸੀ, ਅਤੇ ਇਸ ਦੇ ਖ਼ਿਲਾਫ਼ ਆਵਾਜ਼ ਨਹੀਂ ਸੀ ਉਠਾਈ ਇਸ ਲਈ ਮੇਰਾ ਮੰਨਣਾ ਹੈ ਕਿ ਬੈਨ ਬਰਕਰਾਰ ਰਹਿਣਾ ਚਾਹੀਦਾ ਹੈ।”