ਰਿਤਿਕ ਰੌਸ਼ਨ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਹੈ ਕਿ ਉਹ ਜਲਦੀ ਹੀ ਕ੍ਰਿਸ਼ ਸੀਰੀਜ਼ ਦੇ ਚੌਥੇ ਭਾਗ ‘ਤੇ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸਮੇਂ ਰਿਤਿਕ ਰੋਸ਼ਨ ਆਪਣੀ ਆਉਣ ਵਾਲੀ ਫ਼ਿਲਮ ਸੁਪਰ 30 ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ …
ਸਾਲ 2003 ਦੀ ਸੁਪਰਹਿੱਟ ਰਹੀ ਫ਼ਿਲਮ ਕੋਈ ਮਿਲ ਗਿਆ ਨਾਲ ਫ਼ਿਲਮਸਾਜ਼ ਰਾਕੇਸ਼ ਰੌਸ਼ਨ ਅਤੇ ਅਦਾਕਾਰ ਰਿਤਿਕ ਰੌਸ਼ਨ ਨੇ ਬੌਲੀਵੁਡ ਨੂੰ ਇੱਕ ਨਵਾਂ ਸੁਪਰਹੀਰੋ ਦਿੱਤਾ ਸੀ। ਇਸ ਫ਼ਿਲਮ ਦੀ ਤੀਜੀ ਕੜੀ ਕ੍ਰਿਸ਼-3 ਸਾਲ 2013 ‘ਚ ਰਿਲੀਜ਼ ਹੋਈ ਸੀ। ਇਸ ਹਿੱਟ ਸੀਰੀਜ਼ ਦੇ ਚੌਥੇ ਭਾਗ ਨੂੰ ਰਿਲੀਜ਼ ਹੋਣ ‘ਚ ਪੰਜ ਸਾਲ ਦਾ ਵਕਤ ਲੱਗ ਗਿਆ ਹੈ।
ਹਾਲਾਂਕਿ, ਰਿਤਿਕ ਅਤੇ ਰਾਕੇਸ਼ ਰੌਸ਼ਨ ਨੇ ਅਜੇ ਤਕ ਇਸ ਦੇ ਚੌਥੇ ਭਾਗ ਨੂੰ ਬਣਾਉਣ ਜਾਂ ਨਾ ਬਣਾਉਣ ਬਾਰੇ ਵੀ ਕੁੱਝ ਸਾਫ਼ ਨਹੀਂ ਕੀਤਾ ਸੀ। ਰਿਤਿਕ ਨੇ ਸੋਸ਼ਲ ਮੀਡੀਆ ‘ਤੇ ਕ੍ਰਿਸ਼-3 ਦੇ ਮੇਕਿੰਗ ਦਾ ਇੱਕ ਵੀਡੀਓ ਜਨਤਕ ਕਰਦੇ ਹੋਏ ਲਿਖਿਆ ਹੈ ਕਿ ਤੁਹਾਨੂੰ ਕਦੇ ਇਹ ਸੋਚ ਕੇ ਡਰ ਲਗਦਾ ਹੈ ਕਿ ਇਸ ਗੱਲ ‘ਚ ਕਿੰਨਾ ਫ਼ਰਕ ਹੁੰਦਾ ਹੈ ਕਿ ਤੁਹਾਨੂੰ ਕਿੱਥੇ ਹੋਣਾ ਚਾਹੀਦਾ ਸੀ ਅਤੇ ਹੁਣ ਤੁਸੀਂ ਕਿੱਥੇ ਹੋ? ਕ੍ਰਿਸ਼ ਸੀਰੀਜ਼ ਵੀ ਮੇਰੇ ਫ਼ਿਲਮੀ ਸਫ਼ਰ ‘ਚ ਕਈ ਤਰ੍ਹਾਂ ਨਾਲ ਅਜਿਹੀ ਹੀ ਮਹੱਤਤਾ ਰੱਖਦੀ ਹੈ। ਜਦੋਂ ਮੇਰੇ ਪਿਤਾ ਦੇ ਦਿਮਾਗ਼ ‘ਚ ਕ੍ਰਿਸ਼ ਸੀਰੀਜ਼ ਬਣਾਉਣ ਦਾ ਖ਼ਿਆਲ ਆਇਆ ਤਾਂ ਮੈਨੂੰ ਇਸ ‘ਤੇ ਸ਼ੱਕ ਸੀ, ਪਰ ਅਸੀਂ ਅੱਗੇ ਵਧੇ ਅਤੇ ਡਰਦੇ-ਡਰਦੇ ਹੀ ਸਫ਼ਲਤਾ ਹਾਸਿਲ ਕੀਤੀ। ਬਜਟ, ਤਕਨਾਲੋਜੀ ਅਤੇ ਰੀਸਰਚ ਦੀ ਘਾਟ ਦੇ ਬਾਵਜੂਦ ਅਸੀਂ ਚੰਗਾ ਕੰਮ ਕੀਤਾ।”
ਰਿਤਿਕ ਨੇ ਕਿਹਾ, ”ਹੁਣ ਅਸੀਂ ਕ੍ਰਿਸ਼-4 ਨਾਲ ਅੱਗੇ ਵਧਣ ਜਾ ਰਹੇ ਹਾਂ ਅਤੇ ਮੈਨੂੰ ਓਨੀ ਹੀ ਉਤਸੁਕਤਾ ਮਹਿਸੂਸ ਹੋ ਰਹੀ ਹੈ ਜੋ ਕੁੱਝ ਸਾਲ ਪਹਿਲਾਂ ਹੋ ਰਹੀ ਸੀ।” ਕ੍ਰਿਸ਼ ਸੀਰੀਜ਼ ਦੇ ਪਿਛਲੇ ਦੋ ਭਾਗਾਂ ‘ਚ ਪ੍ਰਿਅੰਕਾ ਚੋਪੜਾ ਵੀ ਨਜ਼ਰ ਆਈ ਸੀ। ਹੁਣ ਪ੍ਰਿਅੰਕਾ ਦਾ ਵਿਆਹ ਹੋਣ ਵਾਲਾ ਹੈ ਜਿਸ ਨੂੰ ਦੇਖ ਕੇ ਲਗਦਾ ਨਹੀਂ ਕਿ ਪ੍ਰਿਅੰਕਾ ਕ੍ਰਿਸ਼-4 ‘ਚ ਵੀ ਕੰਮ ਕਰੇਗੀ।