ਹਾਲ ਹੀ ‘ਚ ਸਾਹਮਣੇ ਆਈ ਫ਼ਿਲਮ ਮਿਸ਼ਨ ਮੰਗਲ ਨੂੰ ਭਾਰਤ ਦੀ ਪੁਲਾੜ ਬਾਰੇ ਬਣਨ ਵਾਲੀ ਪਹਿਲੀ ਫ਼ਿਲਮ ਦੱਸਿਆ ਜਾ ਰਿਹਾ ਹੈ। ਇਸ ਫ਼ਿਲਮ ਦੇ ਨਿਰਮਾਣ ਲਈ ਫ਼ੌਕਸ ਸਟਾਰ ਸਟੂਡੀਓਜ਼ ਅਤੇ ਅਕਸ਼ੇ ਦੇ ਹੋਮ ਪ੍ਰੋਡਕਸ਼ਨ ਹਾਊਸ ਨੇ ਆਪਸ ‘ਚ ਹੱਥ ਮਿਲਾਇਆ ਹੈ। ਇਸ ਫ਼ਿਲਮ ਤੋਂ ਇਲਾਵਾ ਇਹ ਦੋਵੇਂ ਪ੍ਰੋਡਕਸ਼ਨ ਹਾਊਸ ਦੋ ਹੋਰ ਫ਼ਿਲਮਾਂ ਵੀ ਇਕੱਠੇ ਬਣਾਉਣ ਜਾ ਰਹੇ ਹਨ। ਇਨ੍ਹਾਂ ਫ਼ਿਲਮਾਂ ‘ਚ ਵੀ ਅਕਸ਼ੇ ਕੁਮਾਰ ਹੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ।
ਅਕਸ਼ੇ ਦੀ ਫ਼ਿਲਮ ਪੈਡਮੈਨ ਨੂੰ ਡਾਇਰੈਕਟ ਕਰਨ ਵਾਲੇ ਆਰ. ਬਾਲਕੀ ਹੀ ਮਿਸ਼ਨ ਮੰਗਲ ‘ਚ ਫ਼ਿਲਮ ਦੇ ਸਹਾਇਕ ਨਿਰਮਾਤਾ ਹੋਣਗੇ। ਮਿਸ਼ਨ ਮੰਗਲ ਨੂੰ ਜਗਨ ਸ਼ਕਤੀ ਡਾਇਰੈਕਟ ਕਰੇਗਾ। ਅਕਸ਼ੇ ਨੇ ਫ਼ੌਕਸ ਸਟਾਰ ਸਟੂਡੀਓਜ਼ ਨਾਲ ਮੁੜ ਤੋਂ ਕੰਮ ਕਰਨ ਨੂੰ ਲੈ ਕੇ ਆਪਣੀ ਖ਼ੁਸ਼ੀ ਬਿਆਨ ਕਰਦਿਆਂ ਕਿਹਾ, ”ਉਹ ਦਰਸ਼ਕਾਂ ਨੂੰ ਸਾਰਥਕ ਅਤੇ ਮਨੋਰੰਜਨ ਭਰਪੂਰ ਫ਼ਿਲਮਾਂ ਦੇਣੀਆਂ ਚਾਹੁੰਦਾ ਹੈ।” ਉਸ ਨੇ ਕਿਹਾ ਕਿ ਸਾਲ 2017 ‘ਚ ਆਈ ਜੌਲੀ ਐੱਲ.ਐੱਲ.ਬੀ.-2 ‘ਚ ਵੀ ਉਹ ਇਕੱਠੇ ਸਨ ਅਤੇ ਇਹ ਉਸ ਸਮੇਂ ਦੀ ਹਿੱਟ ਫ਼ਿਲਮ ਸਾਬਿਤ ਹੋਈ ਸੀ।
ਮਿਸ਼ਨ ਮੰਗਲ ‘ਚ ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ ਅਤੇ ਨਿਥਿਆ ਮੈਨਨ ਵਰਗੀਆਂ ਅਭਿਨੇਤਰੀਆਂ ਵੀ ਵੱਖ-ਵੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੀਆਂ ਹਨ। ਇਹ ਫ਼ਿਲਮ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਦੇਸ਼ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ। ਇਸ ‘ਚ ਅਦਾਕਾਰ ਸ਼ਰਮਨ ਜੋਸ਼ੀ ਵੀ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ।
ਇਹ ਇੱਕ ਸੱਚੀ ਘਟਨਾ ‘ਤੇ ਆਧਾਰਿਤ ਫ਼ਿਲਮ ਹੋਵੇਗੀ। ਵਿਦਿਆ ਬਾਲਨ ਫ਼ਿਲਮ ‘ਚ ਮਹਿਲਾ ਵਿਗਿਆਨੀਆਂ ਦੀ ਅਗਵਾਈ ਕਰਦੀ ਨਜ਼ਰ ਆਵੇਗੀ ਜਦਕਿ ਅਕਸ਼ ਕੁਮਾਰ ਇਸ ਟੀਮ ਦਾ ਸਹਿਯੋਗ ਕਰਦਾ ਦਿਖਾਈ ਦੇਵੇਗਾ। ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਦੇ ਅਖ਼ੀਰ ਤਕ ਸ਼ੁਰੂ ਹੋ ਜਾਵੇਗੀ। ਫ਼ਿਲਹਾਲ ਅਕਸ਼ੇ ਆਪਣੀ ਸਪੁਰਹਿੱਟ ਕੌਮੇਡੀ ਸੀਰੀਜ਼ ਦੀ ਫ਼ਿਲਮ ਹਾਊਸਫ਼ੁੱਲ-4 ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ।