ਚੰਡੀਗੜ੍ਹ — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਾਲ ਪੰਜਾਬ ਦੇ ਕਿਸਾਨਾਂ ਦੀ ਕਾਲੀ ਦੀਵਾਲੀ ਹੈ। ਉਹ ਮੰਡੀਆਂ ‘ਚ ਬੈਠੇ ਆਪਣਾ ਝੋਨਾ ਵਿਕਣ ਦੀ ਉਡੀਕ ਕਰ ਰਹੇ ਹਨ ਜਾਂ ਫਿਰ ਦੁਖੀ ਹੋ ਕੇ ਕੁਝ ਨੇ ਆਪਣੀ ਫਸਲ ਕੌਡੀਆਂ ਦੇ ਭਾਅ ਵੇਚ ਦਿੱਤੀ ਹੈ। ਇਹ ਸਭ ਇਸ ਕਾਂਗਰਸ ਸਰਕਾਰ ਦੀਆਂ ਘਟੀਆ ਨੀਤੀਆਂ ਦਾ ਨਤੀਜਾ ਹੈ, ਜਿਸ ਨੇ ਬਿਜਲੀ ਬਚਾਉਣ ਵਾਸਤੇ ਜਾਣਬੁੱਝ ਕੇ ਝੋਨੇ ਦੀ ਬੀਜਾਈ ਲੇਟ ਕਰਵਾਈ ਤਾਂ ਕਿ ਸਰਕਾਰੀ ਖਜ਼ਾਨੇ ‘ਚ ਵਧੇਰੇ ਪੈਸਾ ਆ ਜਾਵੇ। ਇਥੇ ਜਾਰੀ ਕੀਤੇ ਇਕ ਪ੍ਰੈੱਸ ਬਿਆਨ ‘ਚ ਸੁਖਬੀਰ ਨੇ ਕਿਹਾ ਕਿ ਸਰਕਾਰ ਦੇ ਝੋਨੇ ਦੀ ਬੀਜਾਈ ਲੇਟ ਕਰਵਾਉਣ ਦੇ ਫੈਸਲੇ ਨੇ ਸੂਬੇ ਦੇ ਕਿਸਾਨਾਂ ਨੂੰ ਇਕ ਬਹੁਤ ਹੀ ਵੱਡੇ ਸੰਕਟ ‘ਚ ਸੁੱਟ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਇਕ ਮੂਰਖਤਾ ਭਰਿਆ ਫੈਸਲਾ ਲਿਆ ਅਤੇ ਇਸ ਨੂੰ ਸਖਤੀ ਨਾਲ ਲਾਗੂ ਕਰ ਦਿੱਤਾ। ਅਗੇਤੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਖੂਬ ਝਿੜਕਿਆ ਗਿਆ ਪਰ ਜਿਨ੍ਹਾਂ ਕਿਸਾਨਾਂ ਨੂੰ ਲੇਟ ਬੀਜਾਈ ਕਰਨ ਲਈ ਮਜਬੂਰ ਕੀਤਾ ਗਿਆ, ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਲਈ ਵੀ ਸਰਕਾਰ ਮੁਆਵਜ਼ਾ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ‘ਚੋਂ ਮਿਲ ਰਹੀਆਂ ਰਿਪੋਰਟਾਂ ਸਾਫ ਖੁਲਾਸਾ ਕਰਦੀਆਂ ਹਨ ਕਿ ਲੇਟ ਬੀਜਾਈ ਨਾਲ ਝੋਨੇ ਦੀ ਫਸਲ ਨੂੰ ਦੋਹਰੀ ਮਾਰ ਪਈ ਹੈ। ਇਕ ਤਾਂ ਝਾੜ 15 ਤੋਂ 20 ਫੀਸਦੀ ਘਟ ਗਿਆ ਅਤੇ ਦੂਜਾ ਫਸਲ ਅੰਦਰ ਨਮੀ ਦੀ ਮਾਤਰਾ 20 ਤੋਂ 23 ਫੀਸਦੀ ਹੈ, ਜਿਹੜੀ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਤੈਅ ਨਿਯਮਾਂ ਤੋਂ ਕਿਤੇ ਜ਼ਿਆਦਾ ਹੈ। ਝਾੜ ਘਟਣ ਨਾਲ ਕਿਸਾਨਾਂ ਨੂੰ ਝੋਨੇ ਤੋਂ ਹੋਣ ਵਾਲੀ ਆਮਦਨ 20 ਤੋਂ 25 ਫੀਸਦੀ ਤਕ ਘਟ ਜਾਵੇਗੀ।