ਪਟਿਆਲਾ : ਅਕਤੂਬਰ ਤੋਂ ਪਟਿਆਲਾ ਸ਼ਹਿਰ ‘ਚ ਚੱਲ ਰਿਹਾ ਸਾਂਝਾ ਅਧਿਆਪਕ ਮੋਰਚੇ ਦਾ ਪੱਕਾ ਧਰਨਾ 26ਵੇਂ ਦਿਨ ਵੀ ਜਾਰੀ ਹੈ। ਅੱਜ ਸਵੇਰੇ ਇਕ ਘੰਟਾ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ 41 ਦੇ ਲਗਭਗ ਅਧਿਆਪਕ ਲੜੀਵਾਰ ਭੁੱਖ ਹੜਤਾਲ ‘ਤੇ ਬੈਠੇ ਅਤੇ ਸਰਕਾਰ ਦੇ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਅਧਿਆਪਕਾਂ ਦੇ ਇਕ ਗਰੁੱਪ ਦੇ ਵਲੋਂ 5 ਨਵਬੰਰ ਤੋਂ ਬਾਅਦ ਜੇਲ ਭਰੋ ਅੰਦੋਲਨ ਦੀ ਤਿਆਰੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਗਰੁੱਪ ਵਲੋਂ ਰੋਜ਼ਮਰਾਂ ਦੇ ਇਕ ਦਰਜਨ ਪਿੰਡਾਂ ‘ਚ ਲੋਕਾਂ ਦੇ ਨਾਲ ਸੰਪਰਕ ਕਰਕੇ ਅੰਦੋਲਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੁੱਧਵਾਰ ਨੂੰ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਅਧਿਆਪਕ ਨੇਤਾਵਾਂ ਦਵਿੰਦਰ ਸਿੰਘ ਪੂਨੀਆ, ਕੁਲਦੀਪ ਸਿੰਘ ਦੋੜਕਾ, ਹਰਵਿੰਦਰ ਬਿਲਗਾ, ਗੁਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਵਿਨੀਤ ਕੁਮਾਰ ਨੇ ਕਿਹਾ ਕਿ, ਸਿੱਖਿਆ ਸਕੱਤਰ ਦੇ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਵਾਲੇ ਝੂਠ ਦਾ ਪਰਦਾਫਾਸ਼ ਹੋਣ ਦੇ ਬਾਅਦ ‘ਪੜੋ ਪੰਜਾਬ ਪੜ੍ਹਾਓ ਪੰਜਾਬ’ ਵਰਗੇ ਗੈਰ-ਸਿੱਖਿਅਕ ਪ੍ਰਾਜੈਕਟ ਵੀ ਆਪਣੇ ਆਖਰੀ ਸਾਹ ‘ਤੇ ਪਹੁੰਚ ਚੁੱਕਾ ਹੈ, ਜਿਸ ਦੀ ਬੌਖਲਾਹਟ ਸਿੱਖਿਆ ਸਕੱਤਰ ਦੇ ਚਿਹਰੇ ‘ਤੇ ਸਾਫ ਨਜ਼ਰ ਆ ਰਹੀ ਹੈ।
ਇਸ ਕਾਰਨ ਉਹ 5 ਨਵੰਬਰ ਨੂੰ ਮੁੱਖ ਮੰਤਰੀ ਦੇ ਨਾਲ ਹੋਣ ਵਾਲੀ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਤੋਂ ਪਹਿਲਾਂ ਮਾਹੌਲ ਨੂੰ ਤਣਾਅਪੂਰਨ ਕਰਨ ਲਈ ਧੜਾਧੜ ਅਧਿਆਪਕਾਂ ਨੂੰ ਦੂਰ-ਦੂਰ ਦੇ ਇਲਾਕਿਆਂ ‘ਚ ਤਬਾਦਲੇ ਕਰਵਾ ਰਿਹਾ ਹੈ, ਪਰ ਅਧਿਆਪਕ ਉਸ ਦੇ ਹਰ ਬੇਇਨਸਾਫੀ ਦਾ ਮੂੰਹ-ਤੋੜ ਜਵਾਬ ਦੇਣਗੇ। ਨੇਤਾਵਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ 8886 ਐੱਸ.ਐੱਸ.ਏ. ਰਮਸਾ, ਆਦਰਸ਼ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹ ‘ਚ ਕਟੌਤੀ ਰੱਦ ਕਰਵਾ ਕੇ ਪੂਰੀ ਤਨਖਾਹ ‘ਤੇ ਰੈਗੂਲਰ ਕਰਵਾਉਣ। ਸਿੱਖਿਆ ਵਿਭਾਗ ‘ਚ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾ ਮੁਤਾਬਕ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਆਦਰਸ਼ ਸਕੂਲ (ਪੀ.ਪੀ.ਪੀ. ਮੋਡ) ਕਪਿਊਟਰ ਅਧਿਆਪਕਾਂ, ਸਾਰੇ ਵਾਲੰਟੀਅਰ ਅਤੇ ਆਈ.ਈ.ਆਰ.ਟੀ. ਅਧਿਆਪਕਾਂ ਦੀਆਂ ਸੇਵਾਵਾਂ ਵਿਭਾਗ ‘ਚ ਲੈ ਕੇ ਰੈਗੂਲਰ ਕਰਨ ਲਈ ਪੰਜਾਬ ‘ਚ ਮਾਹੌਲ ਬਣਾਇਆ ਜਾਵੇ।